ਮੋਗਾ, 7 ਜੁਲਾਈ 2025 – ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਐਕਟਰ ਤਾਨੀਆ ਦੇ ਪਿਤਾ ਦਾ ਹਾਲ-ਚਾਲ ਜਾਨਣ ਲਈ ਹਸਪਤਾਲ ਪਹੁੰਚੇ। ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਉੱਥੇ ਹੀ ਮੁਲਜ਼ਮਾਂ ਨੂੰ ਜਲਦ ਫੜਨ ਦਾ ਭਰੋਸਾ ਵੀ ਦਿੱਤਾ। ਡਾਕਟਰ ਅਨਿਲਜੀਤ ਕੰਬੋਜ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖ਼ਾਂ ਵਿਚ ਡਾਕਟਰ ਅਨਿਲਜੀਤ ਕੰਬੋਜ (55) ਨੂੰ ਦਿਨ ਦਿਹਾੜੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਕਲੀਨਿਕ ‘ਚ ਹੀ ਵੜ ਕੇ ਅੰਨ੍ਹੇਵਾਹ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਸਨ। ਇਸ ਹਮਲੇ ‘ਚ ਡਾਕਟਰ ਕੰਬੋਜ ਦੇ ਦੋ ਤੋਂ ਤਿੰਨ ਗੋਲੀਆਂ ਲੱਗੀਆਂ ਹਨ। ਉਨ੍ਹਾਂ ਦਾ ਇਲਾਜ ਲਈ ਮੋਗਾ ਦੇ ਇਕ ਨਿੱਜੀ ਹਸਪਤਾਲ ਚੱਲ ਰਿਹਾ ਹੈ।
ਇਸ ਮਾਮਲੇ ਵਿੱਚ, ਪੁਲਿਸ ਫਿਰੌਤੀ ਦੇ ਕੋਣ ਤੋਂ ਜਾਂਚ ਕਰ ਰਹੀ ਹੈ, ਕਿਉਂਕਿ ਡਾਕਟਰ ਅਤੇ ਅਦਾਕਾਰਾ ਦੇ ਪਿਤਾ ਨੂੰ ਪਿਛਲੇ ਸਮੇਂ ਤੋਂ ਫਿਰੌਤੀ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਦੋਸ਼ੀ ਉਨ੍ਹਾਂ ਤੋਂ ਲਗਭਗ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਇਸ ਦੇ ਨਾਲ ਹੀ, ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਵਿੱਚ, ਦੋ ਨਿਸ਼ਾਨੇਬਾਜ਼ ਕਲੀਨਿਕ ਦੇ ਨਾਲ ਲੱਗਦੀ ਗਲੀ ਵਿੱਚ ਭੱਜਦੇ ਦਿਖਾਈ ਦੇ ਰਹੇ ਹਨ।

