ਪਟਿਆਲਾ, 6 ਜੁਲਾਈ 2025 – ਧੋਖਾਧੜੀ ਦੇ ਮਾਮਲੇ ਵਿੱਚ ਪਟਿਆਲਾ ਦੀ ਸੈਂਟਰਲ ਜੇਲ੍ਹ ‘ਚ ਬੰਦ ਇਕ ਅੰਡਰ ਟਰਾਇਲ ਕੈਦੀ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਨਿਵਾਸੀ ਜ਼ੀਰਕਪੁਰ ਵੱਜੋਂ ਹੋਈ ਹੈ। ਅੱਜ ਪੋਸਟਮਾਰਟਮ ਕਰਵਾਉਣ ਆਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਗਿਆ ਕਿ ਸੁਖਵਿੰਦਰ ਨੂੰ ਪਹਿਲਾਂ ਵੀ ਹਾਰਟ ਦੀ ਦਿੱਕਤ ਰਹਿੰਦੀ ਸੀ, ਜਿਸ ਦੇ ਚਲਦਿਆਂ ਪਰਿਵਾਰ ਨੇ ਕਈ ਵਾਰ ਉਨ੍ਹਾਂ ਨੂੰ ਦਵਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਦਵਾਈ ਅੰਦਰ ਨਹੀਂ ਜਾਣ ਦਿੱਤੀ ਗਈ, ਜਿਸ ਤੋਂ ਬਾਅਦ ਕੱਲ੍ਹ ਉਨ੍ਹਾਂ ਦੇ ਬੇਟੇ ਨੂੰ ਫੋਨ ਆਇਆ ਕਿ ਪਿਤਾ ਸੁਖਵਿੰਦਰ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰ ਤੁਰੰਤ ਪਟਿਆਲਾ ਪਹੁੰਚੇ। ਅੱਜ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਪਰਿਵਾਰ ਮੁਤਾਬਕ ਧੋਖਾਧੜੀ ਦੇ ਇਕ ਕੇਸ ਦੇ ਵਿੱਚ ਸੁਖਵਿੰਦਰ ਨੂੰ ਨਾਜਾਇਜ਼ ਉਲਝਾਇਆ ਗਿਆ ਸੀ, ਜਿਸ ਦੇ ਚਲਦਿਆਂ ਇਸ ਕੇਸ ਦੇ ਇਨਵੈਸਟੀਗੇਸ਼ਨ ਅਫ਼ਸਰ ਵੱਲੋਂ ਉਨ੍ਹਾਂ ਦੇ ਸੁਖਵਿੰਦਰ ਨੂੰ ਟੋਰਚਰ ਕੀਤਾ ਗਿਆ ਅਤੇ ਉਸੇ ਟੋਰਚਰ ਦੇ ਚਲਦਿਆਂ ਉਸ ਦੇ ਪਿਤਾ ਨੂੰ ਹਾਰਟ ਅਟੈਕ ਆ ਗਿਆ। ਇਸ ਸਬੰਧੀ ਸੁਪਰਡੈਂਟ ਜੇਲ੍ਹ ਵਰੁਣ ਸ਼ਰਮਾ ਵੱਲੋਂ ਫੋਨ ‘ਤੇ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਨੂੰ ਕੱਲ੍ਹ ਛਾਤੀ ਵਿਚ ਦਰਦ ਹੋਣ ਦੀ ਸਮੱਸਿਆ ਆਈ ਸੀ, ਜਿਸ ਤੋਂ ਬਾਅਦ ਤੁਰੰਤ ਇਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਸੀ।

