ਚੰਡੀਗੜ੍ਹ, 6 ਜੁਲਾਈ 2025 – ਸੁਖਨਾ ਝੀਲ ’ਤੇ ਰੀਲ ਬਣਾਉਣ ਦੇ ਚੱਕਰ ’ਚ ਨੌਜਵਾਨ ਬੋਟਿੰਗ ਏਰੀਆ ’ਚ ਸਟੰਟ ਕਰਦਿਆਂ ਉੱਛਲ ਕੇ 20 ਫੁੱਟ ਡੂੰਘੇ ਪਾਣੀ ’ਚ ਜਾ ਡਿੱਗਿਆ। ਸਟੰਟ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਸਿਰ ਪੱਥਰ ’ਚ ਜਾ ਵੱਜਿਆ। ਨੌਜਵਾਨ ਬੇਹੋਸ਼ ਗਿਆ। ਲੋਕਾਂ ਨੇ ਤੁਰੰਤ ਉਸ ਨੂੰ ਪਾਣੀ ’ਚੋਂ ਬਾਹਰ ਕੱਢਿਆ, ਜਿਸ ਕਾਰਨ ਉਸ ਦੀ ਜਾਨ ਬੱਚ ਗਈ। ਹਾਲਾਂਕਿ ਘਟਨਾ ਦੀ ਵੀਡੀਓ ਸ਼ਨੀਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਰੀਲ ਦੀ ਬੈਕਗ੍ਰਾਊਂਡ ’ਚ ਬਾਲੀਵੁੱਡ ਗੀਤ ‘ਯੇ ਕਿਆ ਹੂਆ, ਕੈਸੇ ਹੂਆ’ ਸੁਣਾਈ ਦੇ ਰਿਹਾ ਹੈ।
ਵੀਡੀਓ ’ਚ ਦਿਖ ਰਿਹਾ ਹੈ ਕਿ ਝੀਲ ’ਤੇ ਸੈਲਾਨੀਆਂ ਦੀ ਭੀੜ ਹੈ। ਕੁੱਝ ਲੋਕ ਟਹਿਲ ਤਾਂ ਕੁੱਝ ਬੋਟਿੰਗ ਕਰ ਰਹੇ ਹਨ। ਕਈ ਬਾਊਂਡਰੀਵਾਲ ’ਤੇ ਬੈਠੇ ਹਨ। ਇਸ ਦੌਰਾਨ ਚਿੱਟੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਕਮੀਜ਼ ਪਾਇਆ ਨੌਜਵਾਨ ਸਟੰਟ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਦੋਸਤ ਵੀਡੀਓ ਬਣਾ ਰਹੇ ਹਨ। ਉਹ ਬਹੁਤ ਪਿੱਛੇ ਤੋਂ ਦੌੜਦਾ ਆਉਂਦਾ ਹੈ ਤੇ ਬਾਊਂਡਰੀਵਾਲ ’ਤੇ ਪੈਰ ਰੱਖ ਕੇ ਛਾਲ ਮਾਰਦਾ ਹੈ ਪਰ ਦੂਜੀ ਬਾਊਂਡਰੀਵਾਲ ’ਤੇ ਪੈਰ ਨਹੀਂ ਟਿਕਦਾ ਅਤੇ ਉਹ ਪੱਥਰਾਂ ਨਾਲ ਟਕਰਾਉਂਦਾ ਹੋਇਆ ਪਾਣੀ ’ਚ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਲੋਕ ਉਸ ਨੂੰ ਪਾਣੀ ’ਚੋਂ ਬਾਹਰ ਕੱਢਦੇ ਹਨ।

