- ਦਿੱਲੀ-ਹਰਿਆਣਾ ਜਾਣ ਵਾਲੇ ਯਾਤਰੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ
ਚੰਡੀਗੜ੍ਹ, 9 ਜੁਲਾਈ 2025 – ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਮੰਗਲਵਾਰ ਅੱਧੀ ਰਾਤ ਤੋਂ 11 ਜੁਲਾਈ ਤੱਕ ਸਰਕਾਰ ਵਿਰੁੱਧ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ 3,000 ਤੋਂ ਵੱਧ ਸਰਕਾਰੀ ਬੱਸਾਂ ਸੜਕਾਂ ‘ਤੇ ਨਹੀਂ ਚੱਲ ਰਹੀਆਂ ਹਨ।
ਇਸ ਹੜਤਾਲ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਹਿਮਾਚਲ, ਉਤਰਾਖੰਡ ਅਤੇ ਰਾਜਸਥਾਨ ਜਾਣ ਵਾਲੇ ਯਾਤਰੀਆਂ ‘ਤੇ ਪਿਆ ਹੈ। ਭਾਵੇਂ ਕੁਝ ਬੱਸਾਂ ਪੱਕੇ ਡਰਾਈਵਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ, ਪਰ ਹਰੇਕ ਡਿਪੂ ਤੋਂ ਸਿਰਫ਼ ਕੁਝ ਕੁ ਬੱਸਾਂ ਹੀ ਚੱਲ ਰਹੀਆਂ ਹਨ।
ਮੰਗਲਵਾਰ ਰਾਤ 12 ਵਜੇ ਤੋਂ ਪਹਿਲਾਂ ਹੀ ਬੱਸਾਂ ਦੀ ਆਵਾਜਾਈ ਘੱਟ ਗਈ ਸੀ ਕਿਉਂਕਿ ਸ਼ਾਮ ਤੋਂ ਹੀ ਲੰਬੀ ਦੂਰੀ ਦੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਸਨ। ਹੜਤਾਲ ਕਾਰਨ ਪ੍ਰਾਈਵੇਟ ਬੱਸ ਆਪਰੇਟਰਾਂ ਦੀ ਮੰਗ ਵਧ ਗਈ ਹੈ ਅਤੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਅਤੇ ਹਿਮਾਚਲ ਦੀਆਂ ਬੱਸਾਂ ‘ਤੇ ਨਿਰਭਰ ਕਰਨਾ ਪੈ ਰਿਹਾ ਹੈ। ਕਾਊਂਟਰਾਂ ‘ਤੇ ਬੱਸਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਆਪਣੀਆਂ ਲਟਕਦੀਆਂ ਮੰਗਾਂ ਲਈ ਲੜ ਰਹੇ ਯੂਨੀਅਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਕਾਰਵਾਈ ਨਾ ਕੀਤੀ ਗਈ ਤਾਂ 10 ਜੁਲਾਈ ਨੂੰ ਚੰਡੀਗੜ੍ਹ ਵਿੱਚ ਇੱਕ ਰੋਸ ਰੈਲੀ ਕੀਤੀ ਜਾਵੇਗੀ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਪੀਆਰਟੀਸੀ ਯੂਨੀਅਨ ਦੇ ਡਿਪੂ 1-2 ਯੂਨਿਟ ਦੇ ਆਗੂਆਂ ਨੇ ਸਰਕਾਰੀ ਨੀਤੀਆਂ ਦੀ ਆਲੋਚਨਾ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਤਨਖਾਹਾਂ ਵਿੱਚ ਵਾਧਾ ਕਰਨ ਅਤੇ ਮੁਲਾਜ਼ਮਾਂ ਦੀ ਬਹਾਲੀ ਸਮੇਤ ਲੰਬਿਤ ਮੰਗਾਂ ‘ਤੇ ਗੰਭੀਰਤਾ ਨਹੀਂ ਦਿਖਾ ਰਹੀ ਹੈ। ਇਸ ਕਾਰਨ ਯੂਨੀਅਨ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਿਆ।
