ਚੰਡੀਗੜ੍ਹ, 9 ਜੁਲਾਈ 2025 – ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਵਿੱਚ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਇਕੋ ਹੀ ਦਿਨ ਕੁੱਲੂ, ਚੰਬਾ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਇੱਕ ਈ-ਮੇਲ ਰਾਹੀਂ ਦਿੱਤੀ ਗਈ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ।
ਦੱਸ ਦੇਈਏ ਕਿ ਬੰਬ ਦੀ ਧਮਕੀ ਭਰੇ ਈਮੇਲ ਕੁੱਲੂ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ, ਸਿਰਮੌਰ ਜ਼ਿਲ੍ਹੇ ਦੇ ਨਾਹਨ ਅਦਾਲਤ ਕੰਪਲੈਕਸ, ਚੰਬਾ ਜ਼ਿਲ੍ਹੇ ਦੇ ਚੰਬਾ ਅਤੇ ਟੀਸਾ ਅਦਾਲਤ ਕੰਪਲੈਕਸ, ਸ਼ਿਮਲਾ ਜ਼ਿਲ੍ਹੇ ਦੇ ਚੱਕਰ ਅਦਾਲਤ ਕੰਪਲੈਕਸ ਅਤੇ ਰਾਮਪੁਰ ਅਦਾਲਤ ਨੂੰ ਬੰਬ ਨਾਲ ਉਡਾਉਣ ਬਾਰੇ ਸਨ। ਜਿਵੇਂ ਹੀ ਸਬੰਧਤ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲੀ, ਉਹਨਾਂ ਨੇ ਸਾਰੇ ਅਦਾਲਤੀ ਕੰਪਲੈਕਸਾਂ ਨੂੰ ਤੁਰੰਤ ਖਾਲੀ ਕਰਵਾ ਲਿਆ। ਅਦਾਲਤੀ ਕੰਪਲੈਕਸਾਂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ।
ਇਸ ਧਮਕੀ ਨੂੰ ਗੰਭੀਰਤਾ ਵਿਚ ਲੈਂਦੇ ਹੋਏ ਬੰਬ ਨਿਰੋਧਕ ਦਸਤਾ, ਡਾੱਗ ਦਸਤਾ, ਸਥਾਨਕ ਪੁਲਸ ਅਤੇ ਵਿਸ਼ੇਸ਼ ਫੋਰਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ, ਜਿਹਨਾਂ ਵਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ, ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਤਲਾਸ਼ੀ ਮੁਹਿੰਮ ਵਿੱਚ ਕੋਈ ਸ਼ੱਕੀ ਵਸਤੂ ਮਿਲੀ ਹੈ ਜਾਂ ਨਹੀਂ ਪਰ ਸੁਰੱਖਿਆ ਵਿੱਚ ਕੋਈ ਕੁਤਾਹੀ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਪੂਰੇ ਅਹਾਤੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਅਤੇ ਸਾਈਬਰ ਮਾਹਿਰਾਂ ਦੀਆਂ ਟੀਮਾਂ ਨੇ ਇਸ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਈਮੇਲ ਦੇ ਸਥਾਨ, ਆਈਪੀ ਐਡਰੈੱਸ ਅਤੇ ਸਰਵਰ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਕੀ ਕਿੱਥੋਂ ਅਤੇ ਕਿਸਨੇ ਦਿੱਤੀ ਹੈ।

