- ਡਿਪਟੀ ਕਮਿਸ਼ਨਰ ਵੱਲੋਂ ਖਾਲੀ ਪਲਾਟਾਂ ‘ਚ ਕੂੜਾ ਸੁੱਟਣ ਦੀ ਸੂਚਨਾ ਦੇਣ ਲਈ ਵਟਸਐਪ ਐਕਸ਼ਨ ਹੈਲਪਲਾਈਨ 96462-22555 ਦੀ ਸ਼ੁਰੂਆਤ
- ਲੋਕ ਲੋਕੇਸ਼ਨ ਤੇ ਫੋਟੋਆਂ ਕਰ ਸਕਦੇ ਨੇ ਸਾਂਝਾ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ : ਡਾ. ਹਿਮਾਂਸ਼ੂ ਅਗਰਵਾਲ
ਜਲੰਧਰ, 12 ਜੁਲਾਈ 2025: ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੀ ਦਿਸ਼ਾ ਵਿੱਚ ਇਕ ਅਹਿਮ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਖਾਲੀ ਪਲਾਟਾਂ ‘ਚ ਕੂੜਾ ਸੁੱਟਣ ਨਾਲ ਸਬੰਧਤ ਸੂਚਨਾ ਦੇਣ ਲਈ ਲੋਕਾਂ ਲਈ ਡੀਸੀ ਦਫ਼ਤਰ ਐਕਸ਼ਨ ਹੈਲਪਲਾਈਨ ਵਟਸਐਪ ਨੰਬਰ 96462-22555 ਜਾਰੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾਗਰਿਕ ਹੁਣ ਉਨ੍ਹਾਂ ਪਲਾਟਾਂ ਦਾ ਸਥਾਨ, ਪਤਾ ਅਤੇ ਤਸਵੀਰਾਂ ਭੇਜ ਸਕਦੇ ਹਨ, ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਆਪਣੀਆਂ ਖਾਲੀ ਜਾਇਦਾਦਾਂ ਦੀ ਸਾਫ-ਸਫਾਈ ਲਈ ਪ੍ਰਸ਼ਾਸਨ ਪਾਸੋਂ ਮਦਦ ਚਾਹੁਣ ਵਾਲੇ ਲੋਕ ਵੀ ਇਸ ਹੈਲਪਲਾਈਨ ਨੰਬਰ ‘ਤੇ ਸਥਾਨ ਅਤੇ ਪਤਾ ਸਾਂਝਾ ਕਰ ਸਕਦੇ ਹਨ, ਤਾਂ ਜੋ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਪਹਿਲਾਂ 10 ਜੁਲਾਈ, 2025 ਤੱਕ ਜ਼ਿਲ੍ਹੇ ਭਰ ਦੇ ਖਾਲੀ ਪਲਾਟਾਂ ’ਚੋਂ ਕੂੜੇ ਅਤੇ ਹੋਰ ਰਹਿੰਦ-ਖੂਹੰਦ ਦੇ ਢੇਰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪਲਾਟ ਮਾਲਕਾਂ ਨੂੰ ਕੂੜੇ ਦੀ ਗੈਰ-ਕਾਨੂੰਨੀ ਡੰਪਿੰਗ ਰੋਕਣ ਲਈ ਪਲਾਟ ਦੇ ਆਲੇ-ਦੁਆਲੇ ਚਾਰਦੀਵਾਰੀ ਜਾਂ ਵਾੜ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਕਿਉਂਜੋ ਹੁਣ ਨਿਰਧਾਰਿਤ ਸਮਾਂ ਸੀਮਾ ਲੰਘ ਚੁੱਕੀ ਹੈ, ਪ੍ਰਸ਼ਾਸਨ ਵੱਲੋਂ ਆਪਣੇ ਪਲਾਟਾਂ ਦੀ ਸਾਫ-ਸਫਾਈ ਨਾ ਕਰਵਾਉਣ ਵਾਲਿਆਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 150 ਤੋਂ ਵੱਧ ਚਲਾਨ ਕੀਤੇ ਜਾ ਚੁੱਕੇ ਹਨ ਅਤੇ ਪਲਾਟ ਮਾਲਕਾਂ ਨੂੰ 300 ਤੋਂ ਵੱਧ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਪਲਾਟ ਮਾਲਕ ਨੂੰ ਨਗਰ ਨਿਗਮ ਵੱਲੋਂ ਉਸ ਦੀ ਪ੍ਰਾਪਰਟੀ ’ਚੋਂ ਕੂੜਾ ਹਟਾਉਣ ਲਈ ਕੀਤੇ ਗਏ ਖਰਚੇ ਦੇ ਰੂਪ ਵਿੱਚ 25,000 ਦਾ ਜੁਰਮਾਨਾ ਲਗਾਇਆ ਗਿਆ ਹੈ।

ਡਾ. ਅਗਰਵਾਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਪਲਾਟ ਮਾਲਕ ਲਾਗਤ ਜਮ੍ਹਾ ਨਹੀਂ ਕਰਵਾਉਂਦਾ ਤਾਂ ਮਾਲ ਰਿਕਾਰਡ ਵਿੱਚ ਲਾਲ ਐਂਟਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163, ਵਾਤਾਵਰਣ (ਸੁਰੱਖਿਆ) ਐਕਟ, 1986, ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ, 1976 ਅਤੇ ਸੋਲਿਡ ਵੇਸਟ ਮੈਨੇਜਮੈਂਟ ਨਿਯਮ, 2016 ਤਹਿਤ ਜੁਰਮਾਨੇ ਤੋਂ ਇਲਾਵਾ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਦਮ ਜਨਤਕ ਹਿੱਤ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਚੁੱਕੇ ਜਾ ਰਹੇ ਹਨ, ਖਾਸ ਕਰ ਚੱਲ ਰਹੇ ਬਰਸਾਤ ਦੇ ਮੌਸਮ ਦੌਰਾਨ ਜਦੋਂ ਵੈਕਟਰ-ਬੋਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਜਲੰਧਰ ਵਿੱਚ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਉਣ ਅਤੇ ਜਨਤਕ ਸਿਹਤ ਸੁਰੱਖਿਆ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਵੀ ਦੁਹਰਾਈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਵਸਨੀਕ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਜਿਨ੍ਹਾਂ ਦੀ ਸਬੰਧਤ ਅਧਿਕਾਰੀਆਂ ਵੱਲੋਂ ਸਮੀਖਿਆ ਕੀਤੀ ਜਾਵੇਗੀ ਅਤੇ ਤੁਰੰਤ ਹੱਲ ਕੀਤਾ ਜਾਵੇਗਾ।
