ਨਵੀਂ ਦਿੱਲੀ, 13 ਜੁਲਾਈ 2025 – ਰਾਸ਼ਟਰਪਤੀ ਮੁਰਮੂ ਨੇ ਰਾਜ ਸਭਾ ਲਈ 4 ਮੈਂਬਰ ਨਾਮਜ਼ਦ ਕੀਤੇ ਹਨ। ਇਨ੍ਹਾਂ ਵਿੱਚ ਸਾਬਕਾ ਸਰਕਾਰੀ ਵਕੀਲ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਉੱਜਵਲ ਨਿਕਮ ਸ਼ਾਮਲ ਹਨ। ਨਿਕਮ 26/11 ਦੇ ਮੁੰਬਈ ਹਮਲੇ ਸਮੇਤ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਸਰਕਾਰੀ ਵਕੀਲ ਰਹਿ ਚੁੱਕੇ ਹਨ।
ਇਨ੍ਹਾਂ ਤੋਂ ਇਲਾਵਾ ਕੇਰਲ ਦੇ ਸੀਨੀਅਰ ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਸੀ. ਸਦਾਨੰਦਨ ਮਾਸਟਰ, ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਇਤਿਹਾਸਕਾਰ ਅਤੇ ਸਿੱਖਿਆ ਸ਼ਾਸਤਰੀ ਮੀਨਾਕਸ਼ੀ ਜੈਨ ਵੀ ਰਾਜ ਸਭਾ ਜਾਣਗੇ। ਇਹ ਨਿਯੁਕਤੀਆਂ ਉਨ੍ਹਾਂ ਸੀਟਾਂ ਨੂੰ ਭਰਨ ਲਈ ਕੀਤੀਆਂ ਗਈਆਂ ਹਨ ਜੋ ਪਹਿਲਾਂ ਨਾਮਜ਼ਦ ਮੈਂਬਰਾਂ ਦੀ ਸੇਵਾਮੁਕਤੀ ਤੋਂ ਬਾਅਦ ਖਾਲੀ ਹੋ ਗਈਆਂ ਸਨ।
ਭਾਰਤੀ ਸੰਵਿਧਾਨ ਦੇ ਅਨੁਛੇਦ 80(3) ਦੇ ਤਹਿਤ, ਰਾਸ਼ਟਰਪਤੀ ਨੂੰ ਰਾਜ ਸਭਾ ਲਈ 12 ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਹੈ। ਇਨ੍ਹਾਂ ਮੈਂਬਰਾਂ ਨੂੰ ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਚੁਣਿਆ ਜਾਂਦਾ ਹੈ। ਇਸ ਵੇਲੇ ਰਾਜ ਸਭਾ ਦੀ ਕੁੱਲ ਤਾਕਤ 245 ਹੈ, ਜਿਸ ਵਿੱਚ 233 ਚੁਣੇ ਹੋਏ ਅਤੇ 12 ਨਾਮਜ਼ਦ ਮੈਂਬਰ ਸ਼ਾਮਲ ਹਨ।

