- ਜੇ ਡੀਐਨਏ ਮੈਚ ਨਹੀਂ ਹੁੰਦਾ ਤਾਂ ਕੀਤੀ ਜਾਵੇਗੀ ਕਾਰਵਾਈ
ਅੰਮ੍ਰਿਤਸਰ, 17 ਜੁਲਾਈ 2025 – ਸੜਕਾਂ ‘ਤੇ ਭਿਖਾਰੀਆਂ ਦੀ ਵੱਧ ਰਹੀ ਗਿਣਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰੀ ਹੁਕਮਾਂ ਤੋਂ ਬਾਅਦ, ਅੰਮ੍ਰਿਤਸਰ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ। ਅੱਜ (ਵੀਰਵਾਰ), ਅੰਮ੍ਰਿਤਸਰ ਦੇ ਗੋਲਡਨ ਗੇਟ ਇਲਾਕੇ ਵਿੱਚ ਘੁੰਮ ਰਹੇ ਕਈ ਭਿਖਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਕਾਰਵਾਈ ਦੌਰਾਨ, ਪ੍ਰਸ਼ਾਸਨ ਅਤੇ ਪੁਲਿਸ ਨੇ ਖਾਸ ਤੌਰ ‘ਤੇ ਉਨ੍ਹਾਂ ਭਿਖਾਰੀਆਂ ਨੂੰ ਫੜਿਆ ਜੋ ਛੋਟੇ ਬੱਚਿਆਂ ਨਾਲ ਭੀਖ ਮੰਗ ਰਹੇ ਸਨ। ਇਹ ਸ਼ੱਕ ਹੈ ਕਿ ਇਨ੍ਹਾਂ ਬੱਚਿਆਂ ਦਾ ਸ਼ੋਸ਼ਣ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ, ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਅਸਲ ਵਿੱਚ ਉਨ੍ਹਾਂ ਦੇ ਮਾਪੇ ਹਨ ਜਾਂ ਨਹੀਂ।
ਪੰਜਾਬ ਸਰਕਾਰ ਨੇ ਸੜਕਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਸੰਬੰਧੀ ਸਖ਼ਤ ਫੈਸਲਾ ਲਿਆ ਹੈ। ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜੋ ਸ਼ੱਕੀ ਹਾਲਾਤਾਂ ਵਿੱਚ ਭੀਖ ਮੰਗਦੇ ਦੇਖੇ ਗਏ ਹਨ। ਇਹ ਸ਼ੱਕ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਬੱਚੇ ਆਪਣੇ ਮਾਪਿਆਂ ਦੇ ਨਹੀਂ ਹੁੰਦੇ ਅਤੇ ਮਨੁੱਖੀ ਤਸਕਰੀ ਜਾਂ ਜ਼ਬਰਦਸਤੀ ਮਜ਼ਦੂਰੀ ਦਾ ਸ਼ਿਕਾਰ ਹੋ ਸਕਦੇ ਹਨ।

ਇਸ ਮੁਹਿੰਮ ਤਹਿਤ, ਸੂਬੇ ਵਿੱਚ 81 ਟੀਮਾਂ ਬਣਾਈਆਂ ਗਈਆਂ ਹਨ, ਜੋ 8 ਜ਼ਿਲ੍ਹਿਆਂ ਵਿੱਚ ਹੌਟ ਸਪਾਟ ਦੀ ਨਿਗਰਾਨੀ ਕਰਨਗੀਆਂ। ਇਹ ਮੁਹਿੰਮ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਡੀਐਨਏ ਟੈਸਟ ਰਿਪੋਰਟ ਤੋਂ ਪਤਾ ਲੱਗੇਗਾ ਕਿ ਬੱਚੇ ਅਤੇ ਮੌਜੂਦ ਬਾਲਗਾਂ ਵਿਚਕਾਰ ਕੋਈ ਜੈਵਿਕ ਸਬੰਧ ਹੈ ਜਾਂ ਨਹੀਂ। ਜੇਕਰ ਕੋਈ ਬੇਨਿਯਮੀ ਪਾਈ ਜਾਂਦੀ ਹੈ, ਤਾਂ ਸਬੰਧਤ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
