- ਤਾਮਿਲਨਾਡੂ ਤੋਂ ਹੋਈ ਗ੍ਰਿਫਤਾਰੀ
- SGPC ਨੂੰ ਭੇਜੀਆਂ ਸੀ 5 ਮੇਲਾਂ
- ਪਾਈਪਾਂ ਵਿੱਚ RDX ਲਗਾਉਣ ਦਾ ਕੀਤਾ ਸੀ ਦਾਅਵਾ
ਅੰਮ੍ਰਿਤਸਰ, 18 ਜੁਲਾਈ 2025 – ਅੰਮ੍ਰਿਤਸਰ ‘ਚ ਸਥਿਤ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਤਾਮਿਲਨਾਡੂ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਧਮਕੀ ਭਰੇ ਈ-ਮੇਲ ਭੇਜਣ ‘ਚ ਸ਼ਾਮਲ ਹਨ।
ਭਾਵੇਂ ਪੰਜਾਬ ਸਰਕਾਰ ਜਾਂ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਜਲਦੀ ਹੀ ਅੰਮ੍ਰਿਤਸਰ ਪੁਲਸ ਵਲੋਂ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ। ਪਰ ਸੂਤਰਾਂ ਅਨੁਸਾਰ, ਜਾਂਚ ਟੀਮਾਂ ਪਿਛਲੇ ਦੋ ਦਿਨਾਂ ਤੋਂ ਤਾਮਿਲਨਾਡੂ ਵਿੱਚ ਸਰਗਰਮ ਸਨ ਅਤੇ ਲਿੰਕਾਂ ਦੀ ਭਾਲ ਕਰ ਰਹੀਆਂ ਸਨ। ਦੱਸ ਦਈਏ ਕਿ 4 ਜੁਲਾਈ ਤੋਂ ਹੁਣ ਤਕ ਐੱਸ.ਜੀ.ਪੀ.ਸੀ. ਨੂੰ ਧਮਕੀ ਭਰੇ 5 ਈਮੇਲ ਆਈਆਂ ਸਨ। ਜਿਸ ਵਿੱਚ ਕਿਹਾ ਗਿਆ ਸੀ ਕਿ ਹਰਿਮੰਦਰ ਸਾਹਿਬ ਨੂੰ ਆਰਡੀਐਕਸ ਨਾਲ ਉਡਾ ਦਿੱਤਾ ਜਾਵੇਗਾ।
ਇਨ੍ਹਾਂ ਹੀ ਨਹੀਂ ਇਨ੍ਹਾਂ ਈਮੇਲਜ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੂੰ ਵੀ ਧਮਕੀ ਦਿੱਤੀ ਗਈ ਸੀ। ਇਨ੍ਹਾਂ ਧਮਕੀਆਂ ਪਿੱਛੋਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਸੀ। ਪੁਲਸ, ਅਰਧ ਸੈਨਿਕ ਬਲ ਅਤੇ ਟਾਸਕ ਫੋਰਸ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਦੀ ਰਹੀ। ਅਜੇ ਵੀ ਦਰਬਾਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ।

