ਬਠਿੰਡਾ, 18 ਜੁਲਾਈ 2025 :ਪ੍ਰੇਮ-ਵਿਆਹ ਕਰਾਉਣ ਵਾਲੇ ਜੋੜੇ ਨੂੰ ਹੁਣ ਆਪਣੇ ਪਰਿਵਾਰਾਂ ਸਣੇ ਪਿੰਡ ਛੱਡ ਕੇ ਕਿਤੇ ਹੋਰ ਜਾਣਾ ਪਵੇਗਾ। ਇਹ ਕਥਿਤ ਮਤਾ ਪਿੰਡ ਕੋਟਸ਼ਮੀਰ ਵਾਸੀਆਂ ਵੱਲੋਂ ਪਾਸ ਕੀਤਾ ਦੱਸਿਆ ਜਾ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਕਥਿਤ ਮਤੇ ’ਤੇ ਪ੍ਰਵਾਨਗੀ ਦੀ ਮੋਹਰ ਲਾਈ ਹੈ ਕਿ ਭਵਿੱਖ ਵਿੱਚ ਪਿੰਡ ਦਾ ਕੋਈ ਵੀ ਮੁੰਡਾ-ਕੁੜੀ ਜੇ ਮਨਮਰਜ਼ੀ ਨਾਲ ਆਪਸ ਵਿੱਚ ਵਿਆਹ ਕਰਵਾਏਗਾ ਤਾਂ ਉਨ੍ਹਾਂ ’ਤੇ ਇਹ ਫੈਸਲਾ ਲਾਗੂ ਹੋਵੇਗਾ। ਇਸ ਫੈਸਲੇ ਦੇ ਜਨਤਕ ਹੁੰਦਿਆਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ ਦੀ ਕਾਫ਼ੀ ਚਰਚਾ ਹੈ।
ਕੋਈ ਇਸ ਨੂੰ ‘ਤੁਗ਼ਲਕੀ ਫ਼ਰਮਾਨ’ ਆਖ ਕੇ ਆਲੋਚਨਾ ਕਰ ਰਿਹਾ ਹੈ ਅਤੇ ਕੋਈ ਇਸ ਨੂੰ ‘ਦਰੁਸਤ ਨਿਰਣਾ’ ਕਹਿ ਕੇ ਤਾਰੀਫ਼ ਕਰ ਰਿਹਾ ਹੈ। ਕਿਸੇ ਦਾ ਤਰਕ ਹੈ ਕਿ ਜਦੋਂ ਦੇਸ਼ ਦਾ ਕਾਨੂੰਨ ਲਵ ਮੈਰਿਜ ਨੂੰ ਕਾਨੂੰਨੀ ਮਾਨਤਾ ਦਿੰਦਾ ਹੈ, ਤਾਂ ਇਹ ਫੈਸਲਾ ਕਾਨੂੰਨ ਤੋਂ ਉੱਪਰ ਹੋ ਕੇ ਕਿਉਂ ਲਿਆ ਗਿਆ। ਕੁਝ ਕੁ ਦਾ ਕਹਿਣਾ ਹੈ ਕਿ ਮੁਹੱਬਤੀ ਵਿਆਹ ਦਾ ਫੈਸਲਾ ਆਮ ਤੌਰ ’ਤੇ ਲੜਕੇ-ਲੜਕੀ ਦਾ ਨਿੱਜੀ ਹੁੰਦਾ ਹੈ, ਦੋਵਾਂ ਦੇ ਪਰਿਵਾਰਾਂ ਨੂੰ ਕਿਸ ਕਸੂਰ ਦੀ ਸਜ਼ਾ ਦਿੱਤੀ ਗਈ ਹੈ। ਕੋਈ ਇਸ ਦੀ ਵਕਾਲਤ ਕਰ ਰਿਹਾ ਹੈ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣ ਦਾ ਅਧਿਕਾਰ ਹੈ, ਇਸ ਲਈ ਕਿਸੇ ਦੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਠੀਕ ਨਹੀਂ।

