ਅੰਮ੍ਰਿਤਸਰ, 19 ਜੁਲਾਈ 2025 – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੀਤੀ 14 ਜੁਲਾਈ ਤੋਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈ-ਮੇਲ ਆਉਣ ਦਾ ਸਿਲਸਿਲਾ ਜਾਰੀ ਹੈ। ਅੱਜ ਫੇਰ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਧਮਾਕੇ ਦੀ ਧਮਕੀ ਦੀ ਈਮੇਲ ਆਈ ਹੈ। ਜ਼ਿਕਰਯੋਗ ਹੈ ਕਿ 14 ਜੁਲਾਈ ਤੋਂ ਲੈ ਕੇ ਅੱਜ 19 ਜੁਲਾਈ ਤੱਕ ਸ਼੍ਰੋਮਣੀ ਕਮੇਟੀ ਨੂੰ ਸੱਤ ਧਮਕੀ ਭਰੀਆਂ ਈ-ਮੇਲ ਮਿਲ ਚੁੱਕੀਆਂ ਹਨ।
ਧਮਕੀ ਭਰੀਆਂ ਈ ਮੇਲ ਦੇ ਸੰਬੰਧ ਵਿਚ ਭਾਵੇਂ ਬੀਤੇ ਦਿਨ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਸ਼ੁਭਮ ਦੁੱਬੇ ਨਾਂਅ ਦੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਦਾ ਖੁਲਾਸਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਸਿਲਸਿਲਾ ਜਾਰੀ ਹੈ। ਸ਼ੁਭਮ ਦੁੱਬੇ ਦੀ ਹਿਰਾਸਤ ਤੋਂ ਬਾਅਦ ਵੀ 18 ਜੁਲਾਈ ਦੀ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਨੂੰ ਈਮੇਲ ਆਈ ਸੀ, ਜਿਸ ਤੋਂ ਬਾਅਦ ਅੱਜ ਫੇਰ (19 ਜੁਲਾਈ) ਨੂੰ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਧਮਾਕੇ ਦੀ ਧਮਕੀ ਦੀ ਈਮੇਲ ਮਿਲੀ ਹੈ।
ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਖ਼ਤਰੇ ਨਾਲ ਨਜਿੱਠਣ ਲਈ ਸਾਂਝੇ ਤੌਰ ‘ਤੇ ਹਰ ਸੰਭਵ ਕਦਮ ਚੁੱਕ ਰਹੀਆਂ ਹਨ।

ਦੱਸ ਦਈਏ ਕਿ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਨੇੜੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ ਗਈ। ਡੌਗ ਸੁਕਐਡ ਅਤੇ ਬੰਬ ਨਿਰੋਧਕ ਟੀਮਾਂ ਮਾਮਲੇ ਦੀ ਜਾਂਚ ‘ਚ ਜੁੱਟ ਗਈਆਂ ਸਨ। ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕਿਆਂ ਚ ਵੀ ਜਾਂਚ ਕੀਤੀ ਜਾ ਰਹੀ ਹੈ।
