ਨਵੀਂ ਦਿੱਲੀ, 20 ਜੁਲਾਈ 2025 – ਵੀਅਤਨਾਮ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ਨੀਵਾਰ ਨੂੰ ਹਾਲੋਂਗ ਖਾੜੀ ਵਿੱਚ ਇੱਕ ਸੈਲਾਨੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲਾਪਤਾ ਹੋ ਗਏ। ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ। ਸਰਕਾਰੀ ਮੀਡੀਆ ਦੇ ਅਨੁਸਾਰ, ਕਿਸ਼ਤੀ ਵਿੱਚ ਕੁੱਲ 53 ਲੋਕ ਸਵਾਰ ਸਨ। ਕਿਸ਼ਤੀ ਦੁਪਹਿਰ 2 ਵਜੇ (ਸਥਾਨਕ ਸਮੇਂ ਅਨੁਸਾਰ) ਦੇ ਕਰੀਬ ਪਲਟ ਗਈ ਜਦੋਂ ਟਾਈਫੂਨ ਵਿਫਾ ਦੱਖਣੀ ਚੀਨ ਸਾਗਰ ਤੋਂ ਵੀਅਤਨਾਮ ਵੱਲ ਵਧ ਰਿਹਾ ਸੀ। ਇਸ ਸਮੇਂ ਦੌਰਾਨ, ਇਲਾਕੇ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦੀਆਂ ਰਿਪੋਰਟਾਂ ਆਈਆਂ।
ਸਥਾਨਕ ਨਿਊਜ਼ ਵੈੱਬਸਾਈਟ VnExpress ਨੇ ਰਿਪੋਰਟ ਦਿੱਤੀ ਕਿ ਜ਼ਿਆਦਾਤਰ ਯਾਤਰੀ ਰਾਜਧਾਨੀ ਹਨੋਈ ਤੋਂ ਸਨ। ਰਾਹਤ ਅਤੇ ਬਚਾਅ ਟੀਮਾਂ ਅਜੇ ਵੀ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਸੈਲਾਨੀਆਂ ਦੀ ਕੌਮੀਅਤ ਦੀ ਅਜੇ ਤੱਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਵੀਅਤਨਾਮ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬਚਾਅ ਟੀਮਾਂ ਨੇ ਹੁਣ ਤੱਕ 11 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ ਅਤੇ 34 ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ‘ਚ 8 ਬੱਚੇ ਵੀ ਸ਼ਾਮਲ ਹਨ।
ਹਾਲੋਂਗ ਬੇ, ਜੋ ਕਿ ਰਾਜਧਾਨੀ ਹਨੋਈ ਤੋਂ ਲਗਭਗ 200 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ, ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇੱਥੇ ਕਿਸ਼ਤੀ ਸਵਾਰੀ ਬਹੁਤ ਮਸ਼ਹੂਰ ਹੈ। ‘ਵਿਫਾ’ ਇਸ ਸਾਲ ਦੱਖਣੀ ਚੀਨ ਸਾਗਰ ਨਾਲ ਟਕਰਾਉਣ ਵਾਲਾ ਤੀਜਾ ਤੂਫਾਨ ਹੈ, ਜੋ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਵੀਅਤਨਾਮ ਦੇ ਉੱਤਰੀ ਤੱਟ ਨਾਲ ਟਕਰਾ ਸਕਦਾ ਹੈ। ਤੂਫਾਨ ਕਾਰਨ ਮੌਸਮ ਖਰਾਬ ਹੋਇਆ, ਜਿਸ ਦਾ ਹਵਾਈ ਯਾਤਰਾ ‘ਤੇ ਵੀ ਅਸਰ ਪਿਆ। ਨੋਈ ਬਾਈ ਹਵਾਈ ਅੱਡੇ ਨੇ ਕਿਹਾ ਕਿ ਸ਼ਨੀਵਾਰ ਨੂੰ ਨੌਂ ਆਉਣ ਵਾਲੀਆਂ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਨਾ ਪਿਆ ਅਤੇ ਤਿੰਨ ਦੀ ਰਵਾਨਗੀ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਸੀ।

ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਰੱਖਿਆ ਅਤੇ ਜਨਤਕ ਸੁਰੱਖਿਆ ਮੰਤਰਾਲਿਆਂ ਨੂੰ ਤੁਰੰਤ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰਨ ਦੀ ਅਪੀਲ ਕੀਤੀ।
