ਚੰਡੀਗੜ੍ਹ 20 ਜੁਲਾਈ 2025: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ (ਮੁਖੀ ਆਜ਼ਾਦ ਗਰੁੱਪ) ਨੂੰ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਉਸਨੂੰ ਹਲਕਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ। ਸੁਖਬੀਰ ਬਾਦਲ ਨੇ ਉਮੀਦਵਾਰ ਦਾ ਐਲਾਨ ਕਰਦੇ ਹੋਏ ਪਾਰਟੀ ਵਰਕਰਾਂ ਨੂੰ ਹੁਣ ਤੋਂ ਹੀ ਤਕੜੇ ਹੋ ਕੇ ਚੋਣ ਲੜਨ ਲਈ ਕਿਹਾ ਗਿਆ।
ਇਸ ਤੋਂ ਪਹਿਲਾਂ ਆਜ਼ਾਦ ਧੜੇ ਨੇ ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਸਲੀ ਸਿਆਸੀ ਲੜਾਈ ਮਾਝਾ ਦੀ ਧਰਤੀ ਤੋਂ ਅੱਜ ਤੋਂ ਸ਼ੁਰੂ ਹੋ ਰਹੀ ਹੈ। ਝੱਬਾਲ ਉਹੀ ਧਰਤੀ ਹੈ, ਜਿੱਥੇ ਦੀ ਮਾਈ ਭਾਗੋ ਨੇ ਜ਼ਬਰ ਖ਼ਿਲਾਫ਼ ਲੜਾਈ ਸ਼ੁਰੂ ਕੀਤੀ ਸੀ।
ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਤਰਨਤਾਰਨ ਤੋਂ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਹਰ ਵਰਕਰ ਉਨ੍ਹਾਂ ਦੀ ਜਿੱਤ ਲਈ ਦਿਨ-ਰਾਤ ਇੱਕ ਕਰੇਗਾ। ਆਉਣ ਵਾਲੇ ਤਿੰਨ ਮਹੀਨੇ ਸਾਡੇ ਲਈ ਘਰ ਬੈਠਣ ਜਾਂ ਛੁੱਟੀ ਕਰਨ ਵਾਲੇ ਨਹੀਂ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਤੋਂ ਪੰਜਾਬ ਨੂੰ ਮੁਕਤ ਕਰਵਾਉਣਾ ਹੈ। ਕਾਬਿਲੇ ਗੌਰ ਹੈ ਕਿ ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ ‘ਚ ਅੱਠ ਸੀਟਾਂ ‘ਤੇ ਜਿੱਤ ਦਰਜ ਕਰਨ ਤੋਂ ਬਾਅਦ ਆਜ਼ਾਦ ਧੜੇ ਦਾ ਸਿਆਸੀ ਗ੍ਰਾਫ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਇਆ ਹੈ। ਜਿਸ ਦੇ ਬਲਬੂਤੇ ਆਜ਼ਾਦ ਧੜੇ ਵੱਲੋਂ ਝਬਾਲ ‘ਚ ਰੱਖੀ ਰੈਲੀ ‘ਚ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ।

