ਚਮੋਲੀ (ਉੱਤਰਾਖੰਡ), 7 ਫਰਵਰੀ 2021 – ਉਤਰਾਖੰਡ ਦੇ ਚਮੋਲੀ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ ਅਤੇ ਚਮੋਲੀ ਨੰਦਾ ਦੇਵੀ ਨੈਸ਼ਨਲ ਪਾਰਕ ਅਧੀਨ ਕੋਰ ਜ਼ੋਨ ‘ਚ ਸਥਿਤ ਗਲੇਸ਼ੀਅਰ ਦੇ ਟੁੱਟਣ ਕਾਰਨ ਰੈਣੀ ਪਿੰਡ ਨੇੜੇ ਰਿਸ਼ੀ ਗੰਗਾ ਤਪੋਵਨ ਹਾਈਡਰ ਪ੍ਰਾਜੈਕਟ ਦਾ ਬੰਨ੍ਹ ਟੁੱਟ ਗਿਆ ਹੈ। ਗਲੇਸ਼ੀਅਰ ਟੁੱਟਣ ਨਾਲ ਵਾਪਰੇ ਹਾਦਸੇ ‘ਚ ਹੁਣ ਤੱਕ 9 ਲਾਸ਼ਾਂ ਬਰਾਮਦ ਹੋ ਗਈਆਂ ਹਨ ਜਦਕਿ 100 ਤੋਂ ਵਧੇਰੇ ਲਾਪਤਾ ਹੋਣ ਦਾ ਡਰ ਹੈ।
ਸਾਰੀਆਂ 9 ਲਾਸ਼ਾ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਤਪੋਵਨ ਸਾਈਟ ਤੋਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਇੰਡੋ ਤਿੱਬਤ ਬਾਰਡਰ ਪੁਲਿਸ ਨੇ ਦਿੱਤੀ ਹੈ। ਅਜਿਹਾ ਡਰਹੈ ਕਿ 100 ਤੋਂ ਵਘੇਰੇ ਵਰਕਰ ਲਾਪਤਾ ਹਨ।
ਮੌਕੇ ’ਤੇ ਤਾਇਨਾਤ ਆਈ ਟੀ ਬੀ ਪੀ ਦੀ ਟੀਮ ਰਾਹਤ ਕਾਰਜਾਂ ਵਿਚ ਲੱਗੀ ਹੈ ਤੇ ਚਮੋਲੀ ਜ਼ਿਲ੍ਹੇ ‘ਚ ਜੋਸ਼ੀਮੱਠ ‘ਚ ਗਲੇਸ਼ੀਅਰ ਦੇ ਟੁੱਟਣ ਕਾਰਨ ਧੌਲੀਗੰਗਾ ਨਦੀ ‘ਚ ਹੜ੍ਹ ਆ ਗਿਆ ਹੈ ਜਿਸ ਕਾਰਨ ਲਾਗਲੇ ਪਿੰਡ ਦੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ ਅਤੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਸੂਬੇ ਦੇ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਅਜਿਹਾ ਖਦਸ਼ਾ ਹੈ ਕਿ 100 ਤੋਂ ਜ਼ਿਆਦਾ ਲੋਕ ਰੁੜ੍ਹ ਗਏ ਹਨ। ਤਪੋਵਨ ਡੈਮ ਇਲਾਕੇ ਵਿਚ ਫਸੇ 16 ਵਿਅਕਤੀਆਂ ਨੂੰ ਪੁਲਿਸ ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ। ਜੋਸ਼ੀਮੱਠ ਨੇੜਲੇ ਮਲਾਰੀ ਨੇੜੇ ਬੀ ਆਰ ਓ ਦਾ ਪੁੱਲ ਹੜ੍ਹ ਵਿਚ ਰੁੜ੍ਹ ਗਿਆ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰਾਖੰਡ ਇਸ ਸਮੇਂ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਮੈਂ ਰਾਜ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ, ਕੇਂਦਰੀ ਗ੍ਰਹਿ ਮੰਤਰੀ ਅਤੇ ਐਨ.ਡੀ. ਆਰ. ਐਫ. ਅਧਿਕਾਰੀਆਂ ਨਾਲ ਸੰਪਰਕ ‘ਚ ਹਾਂ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ। ਡਾਕਟਰੀ ਸਹੂਲਤਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।