- ਮੁੱਖ ਮੰਤਰੀ ਦੇ ਓਐਸਡੀ ਨੇ 72 ਘੰਟਿਆਂ ਵਿੱਚ ਮੁਆਫੀ ਮੰਗਣ ਲਈ ਕਿਹਾ
ਚੰਡੀਗੜ੍ਹ, 26 ਜੁਲਾਈ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ 72 ਘੰਟਿਆਂ ਦੇ ਅੰਦਰ ਜਨਤਕ ਅਤੇ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਹੈ।
ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਖਹਿਰਾ ਨੇ ਉਨ੍ਹਾਂ ਵਿਰੁੱਧ ਝੂਠੇ, ਬੇਬੁਨਿਆਦ ਅਤੇ ਮਨਘੜਤ ਦੋਸ਼ ਲਗਾਏ ਹਨ, ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਤੱਕ ਮੁਆਫ਼ੀ ਨਾ ਮੰਗੀ ਗਈ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਖਹਿਰਾ ਲਗਾਤਾਰ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧ ਰਹੇ ਹਨ।
ਸੁਖਪਾਲ ਖਹਿਰਾ ਨੇ ਹਾਲ ਹੀ ਵਿੱਚ ਸਰਕਾਰ ‘ਤੇ ਪੰਜਾਬ ਪੁਲਿਸ ਲਈ ਖਰੀਦੀਆਂ ਗਈਆਂ 144 ਟੋਇਟਾ ਹਾਈਲਕਸ ਗੱਡੀਆਂ ਵਿੱਚ ਲਗਭਗ 15 ਤੋਂ 20 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਕਿ ਥੋਕ ਖਰੀਦਦਾਰੀ ਦੇ ਬਾਵਜੂਦ, ਵਾਹਨਾਂ ‘ਤੇ ਕੋਈ ਛੋਟ ਨਹੀਂ ਲਈ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਵੱਡਾ ਘੁਟਾਲਾ ਹੈ।

ਉਨ੍ਹਾਂ ਟਵੀਟ ਕੀਤਾ, ਅਸੀਂ ਸਮਝ ਸਕਦੇ ਹਾਂ ਕਿ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਇਸ ਸ਼ੱਕੀ ਖਰੀਦ ‘ਤੇ ਚੁੱਪ ਕਿਉਂ ਹਨ, ਪਰ ਮੁੱਖ ਧਾਰਾ ਮੀਡੀਆ ਵੀ ਚੁੱਪ ਕਿਉਂ ਹੈ ? ਕੀ ਉਹ ਵੀ ਇਸ ਘੁਟਾਲੇ ਵਿੱਚ ਭਾਈਵਾਲ ਹਨ ? ਖਹਿਰਾ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਇਹ ਨੀਤੀ ਪੰਜਾਬ ਵਿੱਚ ਅਣਚਾਹੇ ਸ਼ਹਿਰੀ ਜਾਇਦਾਦਾਂ ਨੂੰ ਥੋਪਣ ਦੀ ਕੋਸ਼ਿਸ਼ ਹੈ। ਉਨ੍ਹਾਂ ਸਰਕਾਰ ‘ਤੇ ਦਿੱਲੀ ਦੇ “ਦਾਗੀ ਸਿਆਸਤਦਾਨਾਂ” ਨਾਲ ਮਿਲ ਕੇ ਭੂ-ਮਾਫੀਆ ਰਾਹੀਂ ਪੰਜਾਬ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ।
ਖਹਿਰਾ ਨੇ ਲਿਖਿਆ, ਇਹ ਲੈਂਡ ਪੂਲਿੰਗ ਨੀਤੀ ਹੈ, ਜੋ ਨਕਲੀ ਇਨਕਲਾਬੀਆਂ ਦੁਆਰਾ ਚਲਾਈ ਜਾ ਰਹੀ ਹੈ। ਸਰਕਾਰ ਦਾ ਉਦੇਸ਼ ਪੰਜਾਬੀਆਂ ਨੂੰ ਉਜਾੜਨਾ ਅਤੇ ਬਾਹਰਲੇ ਲੋਕਾਂ ਨੂੰ ਵਸਾਉਣਾ ਹੈ ਕਿਉਂਕਿ ਸਾਡੇ ਬੱਚੇ ਵਿਦੇਸ਼ ਜਾ ਰਹੇ ਹਨ।
