ਕੇਜਰੀਵਾਲ ਗਰੋਹ ਦੀ ਸਿੱਖ ਵਿਰੋਧੀ ਸਰਕਾਰ ਨੇ ਬੇਅਦਬੀਆਂ ਦੀ ਝੜੀ ਲਾਈ : ਸੁਖਬੀਰ ਬਾਦਲ

  • “ਸ੍ਰੀਨਗਰ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਨਿਰਾਦਰ ਆਪ ਸਰਕਾਰ ਵੱਲੋਂ ਸੰਗੀਨ ਬੇਅਦਬੀ: ਇਹ ਸਰਕਾਰ ਸਿੱਖ ਇਤਿਹਾਸ ਤੇ ਭਾਵਨਾਵਾਂ ਦਾ ਚਿੱਟੇ ਦਿਨ ਮਜ਼ਾਕ ਉਡਾ ਰਹੀ ਹੈ”

ਚੰਡੀਗੜ੍ਹ, ਜੁਲਾਈ 26, 2025 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਸ੍ਰੀਨਗਰ ਵਿੱਚ ਧਰਮ ਤੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨਾਲ ਸਬੰਧਿਤ ਸਮਾਗਮ ਨੂੰ ਇੱਕ ਮਨੋਰੰਜਨ ਪ੍ਰੋਗਰਾਮ ਵਿੱਚ ਤਬਦੀਲ ਕਰਕੇ ਸੰਗੀਨ ਬੇਅਦਬੀ ਕੀਤੀ ਹੈ ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀਨਗਰ ਸਮਾਗਮ ਦੌਰਾਨ ਕੀਤੀ ਗਈ ਬੇਅਦਬੀ ਨੂੰ ਸਿੱਖ ਕੌਮ ਵਿਰੁੱਧ ਅਮਲ ਵਿਚ ਲਿਆਂਦੀ ਜਾ ਰਹੀ ਉਸ ਗਹਿਰੀ ਸਾਜ਼ਿਸ਼ ਦਾ ਹਿੱਸਾ ਦੱਸਿਆ ਜਿਸ ਦਾ ਮੰਤਵ ਕੌਮ ਨੂੰ ਆਪਣੇ ਇਤਿਹਾਸ ਨਾਲੋਂ ਤੋੜਨਾ ਅਤੇ ਆਗੂ ਰਹਿਤ ਕਰਨਾ ਹੈ ।

ਇੱਥੇ ਜਾਰੀ ਇੱਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ “ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਇੱਕ ਬੇਹੱਦ ਪਾਵਨ, ਸੰਜੀਦਾ ਅਤੇ ਗੰਭੀਰ ਸਾਕੇ ਨਾਲ ਸਬੰਧਿਤ ਸਮਾਗਮ ਦੌਰਾਨ ਗੁਰਬਾਣੀ ਉਚਾਰਨ ਦੀ ਥਾਂ ਨਾਚ ਗਾਣੇ ਦਾ ਮਹੌਲ ਬਣਾ ਕੇ ਜਾਣ ਬੁਝ ਕੇ ਸਿੱਖ ਇਤਿਹਾਸ ਅਤੇ ਸਿੱਖੀ ਮਾਣ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਇਸ ਬੇਅਦਬੀ ਨੂੰ ਪੂਰੀ ਦੁਨੀਆਂ ਸਾਹਮਣੇ ਪ੍ਰਸਾਰਤ ਕੀਤਾ । ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਰਾਹੀਂ ਕਰਵਾਏ ਇਸ ਪ੍ਰੋਗਰਾਮ ਦੌਰਾਨ ਜਾਣ ਬੁਝ ਕੇ ਸਿੱਖ ਕੌਮ ਦੇ ਬੇਹੱਦ ਸੰਜੀਦਾ ਪਲਾਂ ਨੂੰ ਇੱਕ ਮਨੋਰੰਜਨ ਪ੍ਰੋਗਰਾਮ ਵਾਂਗ ਪੇਸ਼ ਕਰਨ ਦਾ ਬਜਰ ਗੁਨਾਹ ਕੀਤਾ ਗਿਆ ।”

ਉਹਨਾਂ ਅੱਗੇ ਕਿਹਾ ਇਹ ਸਮਾਗਮ ਆਮ ਆਦਮੀ ਪਾਰਟੀ ਨੂੰ ਚਲਾ ਰਹੇ ਉਸ ਗ਼ੈਰ ਸਿੱਖ ਤੇ ਸਿੱਖ ਦੁਸ਼ਮਣ ਲਾਣੇ ਦੇ ਦਿਮਾਗ਼ ਦੀ ਉਪਜ ਹੈ ਜਿਹਨਾਂ ਨੂੰ ਮਹਾਨ ਗੁਰੂ ਸਾਹਿਬਾਨ ਦੇ ਮਹਾਨ ਵਿਰਸੇ ਦੀ ਨਾ ਕੋਈ ਸਮਝ ਹੈ ਤੇ ਨਾ ਹੀ ਸਤਿਕਾਰ ।

“ਆਮ ਆਦਮੀ ਪਾਰਟੀ ਤੇ ਇਸ ਦੀ ਸਰਕਾਰ ਦੀ ਬੇਸ਼ਰਮੀ ਦੀ ਹੱਦ ਇਹ ਹੈ ਕਿ ਇਹਨਾਂ ਦੇ ਪ੍ਰੋਗਰਾਮ ਵਿੱਚ ਨੱਚਣ ਅਤੇ ਗਾਉਣ ਵਾਲੇ ਵਿਅਕਤੀ ਨੂੰ ਤਾਂ ਸ਼ਰਮ ਆ ਗਈ ਤੇ ਉਹ ਮੁਆਫ਼ੀ ਮੰਗਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਪਹੁੰਚ ਗਿਆ ਪਰ ਸਰਕਾਰ ਅਤੇ ਇਸ ਦੇ ਸਿੱਖਿਆ ਮੰਤਰੀ ਨੂੰ ਅਜੇ ਵੀ ਸ਼ਰਮ ਨਹੀਂ ਆਈ” ਸ. ਬਾਦਲ ਨੇ ਕਿਹਾ ।

ਉਹਨਾਂ ਕਿਹਾ ਕਿ ਇਸ ਪਾਰਟੀ ਦੇ ਕਰਤਾ ਧਰਤਾ ਆਗੂਆਂ ਦੀ ਬੇਅਦਬੀਆਂ ਦੀਆਂ ਘਟਨਾਵਾਂ ਤੇ ਸਾਜ਼ਿਸ਼ਾਂ ਵਿੱਚ ਸ਼ਮੂਲੀਅਤ ਤੇ ਸਰਪ੍ਰਸਤੀ ਤਾਂ ਕਚਹਿਰੀਆਂ ਵੀ ਸਿੱਧ ਕਰ ਚੁੱਕੀਆਂ ਹਨ । ਉਹਨਾਂ ਯਾਦ ਦਿਵਾਇਆ ਕਿ ਨਿਆਂਪਾਲਿਕਾ ਵੱਲੋਂ ਇਸ ਪਾਰਟੀ ਦਾ ਇਕ ਵਿਧਾਇਕ ਕੁਰਾਨ ਸ਼ਰੀਫ਼ ਦੀ ਬੇਅਦਬੀ ਵਿੱਚ ਸਿੱਧਾ ਸ਼ਾਮਿਲ ਪਾਇਆ ਗਿਆ ਤੇ ਉਸਨੂੰ ਸਜ਼ਾ ਸੁਣਾਈ ਗਈ । ਪਰ ਇਸ ਪਾਰਟੀ ਨੇ ਉਸ ਵਿਧਾਇਕ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਉਸ ਨੂੰ ਬਚਾਉਣ ਵਾਲਿਆਂ ਨੂੰ ਪੰਜਾਬ ਵਿੱਚ ਹੀ ਮੰਤਰੀ ਬਣਾ ਦਿੱਤਾ।”

ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਪੰਜਾਬ ਵਿੱਚ ਹਰ ਪਾਸੇ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ । ਉਹਨਾਂ ਕਿਹਾ ਕਿ ਹੁਣ ਤਾਂ ਮੀਡੀਆ ਦੇ ਉਹ ਵਰਗ ਵੀ ਮੂੰਹ ਵਿੱਚ ਘੁੰਘਣੀਆਂ ਪਾ ਕੇ ਬੈਠੇ ਹਨ ਜੋ ਅਕਾਲੀ ਸਰਕਾਰ ਸਮੇਂ ਅਚਾਨਕ ਸਿੱਖ ਭਾਵਨਾਵਾਂ ਦੇ ਚੈਂਪੀਅਨ ਵਜੋਂ ਖੁੰਬਾਂ ਵਾਂਗ ਉੱਗ ਪਏ ਸਨ । ਕੀ ਉਹਨਾਂ ਨੂੰ ਹੁਣ ਸਿੱਖ ਭਾਵਨਾਵਾਂ ਦਾ ਨਿਰਾਦਰ ਨਜ਼ਰ ਨਹੀਂ ਆਉਂਦਾ ?”

ਅਕਾਲੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਦੁਫਾੜ ਕਰਨ ਲਈ ਸਰਕਾਰਾਂ ਦੀ ਸ਼ਹਿ ‘ਤੇ ਸਰਗਰਮ ਅਖੌਤੀ ਬੁੱਧੀਜੀਵੀ, ਧਾਰਮਿਕ ਸਖਸ਼ੀਅਤਾਂ ਤੇ ਜਥੇਬੰਦੀਆਂ ਜਿਹਨਾਂ ਨੇ ਅਕਾਲੀ ਸਰਕਾਰ ਦੌਰਾਨ ਸੂਬਾ ਜਾਮ ਕਰ ਰਖਿਆ ਸੀ, ਅਕਾਲੀ ਸਰਕਾਰ ਜਾਂਦਿਆਂ ਹੀ ਉਹ ਸਭ ਅੰਡਰ ਗਰਾਊਂਡ ਹੋ ਗਏ । ਹੁਣ ਬੇਅਦਬੀ ਦੀਆਂ ਨਿੱਤ ਹੋ ਰਹੀਆਂ ਘਟਨਾਵਾਂ ਵਿਰੁੱਧ ਉਹਨਾਂ ਸਾਰਿਆਂ ਦੇ ਮੂੰਹ ‘ਤੇ ਸਰਕਾਰੀ ਤਾਲੇ ਲੱਗੇ ਹੋਏ ਹਨ ।

ਉਹਨਾਂ ਕਿਹਾ ਕਿ ਇਸੇ ਪਾਰਟੀ ਦੀ ਸਰਕਾਰ ਨੇ ਸਿੱਖ ਕੌਮ ਦੇ ਇਤਿਹਾਸਿਕ ਧਾਰਮਿਕ ਨਗਰ ਸੁਲਤਾਨਪੁਰ ਲੋਧੀ ਵਿਖੇ ਪਾਵਨ ਗੁਰਧਾਮ ਵਿੱਚ ਪੁਲਿਸ ਦੀਆਂ ਧਾੜਾਂ ਤੋਂ ਹਮਲਾ ਕਰਵਾਇਆ ਤੇ ਗੁਰਬਾਣੀ ਦੇ ਪ੍ਰਵਾਹ ਦੌਰਾਨ ਸਿੰਘਾਂ ਉੱਤੇ ਅੰਨ੍ਹੇ ਵਾਹ ਗੋਲੀਆਂ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸ ਬਦਲੇ ਪੁਲਿਸ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਥਾਪੜਾ ਦਿੱਤਾ ਗਿਆ। ਕੋਈ ਅਕਾਲੀ ਵਿਰੋਧੀ ਧਾਰਮਿਕ ਜਥੇਬੰਦੀ ਜਾਂ ਸਖ਼ਸ਼ੀਅਤ ਦੇ ਮੂੰਹੋਂ ਇਸ ਕੁਕਰਮ ਦੀ ਨਿਖੇਧੀ ਲਈ ਇੱਕ ਅੱਖਰ ਤੱਕ ਨਹੀਂ ਨਿਕਲਿਆ ।

ਸਰਦਾਰ ਬਾਦਲ ਨੇ ਇਲਜ਼ਾਮ ਲਾਇਆ ਕਿ ਇਹ ਸਖ਼ਸ਼ੀਅਤਾਂ ਤੇ ਸਰਕਾਰੀ ਜਥੇਬੰਦੀਆਂ ਸਿਰਫ਼ ਅਕਾਲੀ ਸਰਕਾਰ ਨੂੰ ਬਦਨਾਮ ਕਰਨ ਲਈ ਖੜ੍ਹੀਆਂ ਕੀਤੀਆਂ ਗਈਆਂ ਸਨ ਤੇ ਅਕਾਲੀ ਸਰਕਾਰ ਜਾਂਦਿਆਂ ਹੀ ਇਹ ਆਪਣੇ ਆਪਣੇ ਵਜ਼ੀਫ਼ੇ ਲੈ ਕੇ ਘਰੋਂ ਘਰੀ ਚਲੀਆਂ ਗਈਆਂ ।

ਸ੍ਰੀਨਗਰ ਅਤੇ ਅਨੇਕਾਂ ਹੋਰ ਸਥਾਨਾਂ ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਕੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਲਈ ਅਤੇ ਇਸ ਮਾਨਸਿਕਤਾ ਕਾਰਨ ਇਹਨਾਂ ਦੀ ਸਰਕਾਰ ਦੌਰਾਨ ਲਗਾਤਾਰ ਹੋਈਆਂ ਤੇ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਕਾਰਵਾਈਆਂ ਉੱਤੇ ਇਸ ਸਰਕਾਰ ਦੀ ਚੁੱਪੀ ਦੇ ਕਾਰਨ ਦੱਸ ਕੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ, ਮੈਂ ਨੰਗੇ ਪੈਰੀਂ ਹੋਵਾਂਗਾ ਹਾਜ਼ਰ – ਕੈਬਨਿਟ ਮੰਤਰੀ ਹਰਜੋਤ ਬੈਂਸ

ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਛੇ ਨਵੀਆਂ ਸੈਕਟਰਲ ਉਦਯੋਗਿਕ ਕਮੇਟੀਆਂ ਦਾ ਗਠਨ