ਖੰਨਾ, 29 ਜੁਲਾਈ 2025: ਉਪ ਕਪਤਾਨ ਪੁਲਸ (ਡੀ) ਖੰਨਾ ਮੋਹਿਤ ਸਿੰਗਲਾ, ਇੰਸ. ਆਕਾਸ਼ ਦੱਤ ਮੁੱਖ ਅਫਸਰ ਥਾਣਾ ਦੋਰਾਹਾ ਤੇ ਇੰਸ. ਹਰਦੀਪ ਸਿੰਘ ਇੰਚਾਰਜ ਸੀ. ਆਈ. ਏ. ਸਮੇਤ ਪੁਲਸ ਪਾਰਟੀ ਨੇ ਗੈਂਗਸਟਰ ਰਾਜਵੀਰ ਸਿੰਘ ਉਰਫ ਰਵੀ ਰਾਜਗੜ੍ਹ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਦੋਰਾਹਾ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ ਦੌਰਾਨ ਉਸ ਤੋਂ 5 ਪਿਸਤੌਲ ਸਮੇਤ ਮੈਗਜ਼ੀਨ ਤੇ 7 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਐੱਸ. ਐੱਸ. ਪੀ. ਖੰਨਾ ਡਾ. ਜੋਤੀ ਯਾਦਵ ਨੇ ਦੱਸਿਆ ਕਿ ਲੰਘੀ 16 ਜੁਲਾਈ ਨੂੰ ਥਾਣਾ ਦੋਰਾਹਾ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਦੋਰਾਹਾ ਦੇ ਪਿੰਡ ਰਾਜਗੜ੍ਹ ਨੂੰ ਜਾਂਦੀ ਲਿੰਕ ਸੜਕ ’ਤੇ ਮੌਜੂਦ ਸੀ ਤਾਂ ਸਵਿਫਟ ਕਾਰ (ਪੀ. ਬੀ.-11ਬੀ. ਟੀ. 3786) ਨੂੰ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਚਲਾ ਰਹੇ ਰਵੀ ਰਾਜਗੜ੍ਹ ਦੀ ਤਲਾਸ਼ੀ ਲੈਣ ’ਤੇ ਉਸ ਤੋਂ .45 ਬੋਰ ਦੇ ਪਿਸਤੌਲ ਸਮੇਤ 7 ਰੌਂਦ ਬਰਾਮਦ ਹੋਏ। ਪੁਲਸ ਪਾਰਟੀ ਨੇ ਉਸਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਥਾਣਾ ਦੋਰਾਹਾ ਵਿਖੇ ਮੁਕੱਦਮਾ ਦਰਜ ਕਰ ਲਿਆ।

ਉਨ੍ਹਾਂ ਦੱਸਿਆ ਕਿ ਰਵੀ ਰਾਜਗੜ੍ਹ ਅਸਲਾ ਐਕਟ ਤਹਿਤ ਥਾਣਾ ਦੋਰਾਹਾ ਵਿਚ ਦਰਜ ਮਾਮਲੇ ਵਿਚ ਵੀ ਲੋੜੀਂਦਾ ਸੀ, ਜਿਸ ’ਤੇ ਲੰਘੀ 8 ਅਪ੍ਰੈਲ ਨੂੰ ਪਿੰਡ ਚਣਕੋਈਆਂ ਖੁਰਦ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੋਏ ਲੜਾਈ-ਝਗੜੇ ਅਤੇ ਫਾਇਰਿੰਗ ਸਬੰਧੀ ਦਰਜ ਹੋਇਆ ਸੀ ਤੇ ਉਸ ਸਬੰਧੀ ਉਸ ਦੀ ਗ੍ਰਿਫਤਾਰੀ ਪਾਈ ਗਈ ਹੈ।

ਡਾ. ਜੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮ ਤੋਂ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਰਵੀ ਰਾਜਗੜ੍ਹ ਨੇ ਹੀ ਪਿੰਡ ਚਣਕੋਈਆਂ ਖੁਰਦ ਵਿਖੇ ਹੋਏ ਝਗੜੇ ਸਮੇਂ 4 ਨਾਜਾਇਜ਼ ਪਿਸਤੌਲ. 32 ਸਮੇਤ ਰੌਂਦ ਮੁਹੱਈਆ ਕਰਵਾਏ ਸਨ। ਇਹ ਅਸਲਾ ਵਰਤਣ ਤੋਂ ਬਾਅਦ ਰਵੀ ਨੂੰ ਵਾਪਸ ਕਰ ਦਿੱਤਾ ਗਿਆ ਸੀ। ਉਸ ਨੇ ਇਹ ਅਸਲਾ ਵੱਖ-ਵੱਖ ਥਾਵਾਂ ’ਤੇ ਲੁਕੋ ਦਿੱਤਾ ਸੀ। ਇਹ ਅਸਲਾ ਪੁਲਸ ਰਿਮਾਂਡ ਦੌਰਾਨ ਉਸ ਤੋਂ ਬਰਾਮਦ ਕਰਵਾ ਲਿਆ ਹੈ।
ਡਾ. ਜੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮ ਰਵੀ ਰਾਜਗੜ੍ਹ ਕੈਟਾਗਿਰੀ-ਬੀ ਦਾ ਗੈਂਗਸਟਰ ਹੈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਇਸ ’ਤੇ ਪਹਿਲਾਂ ਵੀ ਕਤਲ, ਨਾਜਾਇਜ਼ ਅਸਲਾ ਰੱਖਣ, ਲੜਾਈ ਝਗੜੇ ਅਤੇ ਵੱਖ-ਵੱਖ ਅਪਰਾਧਾਂ ਦੇ 15 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ ਉਹ ਵੱਖ-ਵੱਖ ਜੇਲਾਂ ਵਿਚ ਬੰਦ ਰਿਹਾ ਹੈ।
ਉਸ ਤੋਂ ਪੁੱਛਗਿੱਛ ’ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਨੇ ਲਾਰੈਂਸ਼ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਦੀ ਵਿੱਤੀ ਮਦਦ ਵੀ ਕੀਤੀ ਸੀ ਅਤੇ ਉਹ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ ਗੁਜਰਾਤ ਵਿਚ 2 ਵਾਰ ਮਿਲ ਕੇ ਵੀ ਆਇਆ ਹੈ।
