ਨਾਈਜੀਰੀਆ, 30 ਜੁਲਾਈ 2025 – ਪੱਛਮੀ ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ ਦੇ ਉੱਤਰੀ ਖੇਤਰ ‘ਚ ਇੱਕ ਫੌਜੀ ਕੈਂਪ ‘ਤੇ ਇੱਕ ਹਥਿਆਰਬੰਦ ਗਰੁੱਪ ਵੱਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਲਗਭਗ 50 ਸੈਨਿਕ ਮਾਰੇ ਗਏ। ਭਾਈਚਾਰੇ ਦੇ ਇੱਕ ਨੇਤਾ ਅਤੇ ਇੱਕ ਸਥਾਨਕ ਨਿਵਾਸੀ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਅਫ਼ਰੀਕੀ ਦੇਸ਼ ਦੇ ਉੱਤਰੀ ਖੇਤਰ ਵਿੱਚ ਬੋਲਸਾ ਪ੍ਰਾਂਤ ਦੇ ਡਾਰਗੋ ਵਿੱਚ ਸਥਿਤ ਫੌਜੀ ਅੱਡੇ ‘ਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ ਸੀ।
ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਕੱਟੜਪੰਥੀ ਸਮੂਹ ‘ਜਮਾਤ ਨਸਰ ਅਲ-ਇਸਲਾਮ ਵਾਲ-ਮੁਸਲਿਮੀਨ’ (ਜੇ.ਐਨ.ਆਈ.ਐਮ) ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਲਗਭਗ 100 ਕੱਟੜਪੰਥੀ ਸ਼ਾਮਲ ਸਨ। ਸੈਨਿਕਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਨੇ ਫੌਜੀ ਅੱਡੇ ਨੂੰ ਅੱਗ ਲਗਾ ਦਿੱਤੀ ਅਤੇ ਉੱਥੇ ਲੁੱਟ-ਖੋਹ ਵੀ ਕੀਤੀ।

