ਨਵੀਂ ਦਿੱਲੀ/ਚੰਡੀਗੜ੍ਹ: 30 ਜੁਲਾਈ 2025 – ਪੰਜਾਬ ਦੇ ਕਿਸਾਨ ਕਰਜ਼ੇ ਦੀ ਗੰਭੀਰ ਮਾਰ ਹੇਠਾਂ ਆ ਚੁੱਕੇ ਹਨ। ਸੰਸਦ ‘ਚ ਪੇਸ਼ ਵਿੱਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ, ਰਾਜ ਦੇ ਲਗਭਗ 37.62 ਲੱਖ ਕਿਸਾਨਾਂ ‘ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੜ੍ਹਿਆ ਹੋਇਆ ਹੈ।
ਇਹ ਅੰਕੜੇ ਕਿਸਾਨ ਕ੍ਰੈਡਿਟ ਕਾਰਡ (KCC) ਸਹਿਤ ਵੱਖ-ਵੱਖ ਸਰੋਤਾਂ ਤੋਂ ਲਏ ਕਰਜ਼ਿਆਂ ‘ਤੇ ਆਧਾਰਤ ਹਨ। ਰਿਪੋਰਟ ਮੁਤਾਬਕ, ਪੰਜਾਬ ‘ਚ ਕੇਸੀਸੀ ਕਰਜ਼ੇ ਦੀ ਬਕਾਇਆ ਰਕਮ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਵਾਧਾ ਹੋਇਆ ਹੈ, ਜੋ ਹਾਲਾਤ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਕਿ ਕਿਸਾਨੀ ਆਮਦਨ ਘਟੀ ਹੈ ਅਤੇ ਖੇਤੀ ਲਈ ਉਪਲੱਬਧ ਸਾਮਾਨ ਤੇ ਬੀਜ ਅਤੇ ਦਵਾਈਆਂ ਦੀਆਂ ਲਾਗਤਾਂ ਜ਼ਿਆਦਾ ਵਧੀਆਂ ਹਨ।
ਹੈਰਾਨੀਜਨਕ ਗੱਲ ਇਹ ਹੈ ਕਿ ਵਿੱਤ ਮੰਤਰਾਲੇ ਨੇ ਇਹ ਸਾਫ ਕਰ ਦਿੱਤਾ ਹੈ ਕਿ ਕਿਸਾਨਾਂ ਦੀ ਕਰਜ਼ ਮੁਆਫੀ ਸਬੰਧੀ ਕੋਈ ਵੀ ਪ੍ਰਸਤਾਵ ਹਾਲੇ ਵਿਚਾਰ ਅਧੀਨ ਨਹੀਂ ਹੈ। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁਕਾਬਲੇ ਪੰਜਾਬ ਦੇ ਕਿਸਾਨ ਕਈ ਗੁਣਾ ਵੱਧ ਕਰਜਾਈ ਹਨ, ਜੋ ਪੱਛਮੀ ਭਾਰਤ ਵਿੱਚ ਇੱਕ ਵਿਲੱਖਣ ਹਾਲਾਤ ਦਰਸਾਉਂਦਾ ਹੈ।

ਵਧ ਰਰਹੇ ਕਰਜ਼ੇ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ‘ਤੇ ਭਾਰੀ ਦਬਾਅ ਪਾਇਆ ਹੈ। ਖੇਤੀਬਾੜੀ ਤੋਂ ਆ ਰਹੀ ਆਮਦਨ ਘੱਟਣ ਅਤੇ ਲਾਗਤਾਂ ਦੇ ਵਧਣ ਕਾਰਨ ਹਾਲਾਤ ਹੋਰ ਵੀ ਵਧੇਰੇ ਨਾਜੁਕ ਹੋ ਗਏ ਹਨ।
