ਨਵੀਂ ਦਿੱਲੀ, 31 ਜੁਲਾਈ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ 25 ਫ਼ੀਸਦੀ ਟੈਰਿਫ਼ ਦੇ ਐਲਾਨ ਮਗਰੋਂ ਭਾਰਤੀ ਬਾਜ਼ਾਰ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ। ਇਸੇ ਦੌਰਾਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਟਰੁੱਥ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰ ਕੇ ਭਾਰਤ ਤੇ ਰੂਸ ਨੂੰ ਵੱਡੀ ਚਿਤਾਵਨੀ ਦਿੱਤੀ ਹੈ।
ਆਪਣੀ ਪੋਸਟ ‘ਚ ਟਰੰਪ ਨੇ ਲਿਖਿਆ, ”ਭਾਰਤ ਤੇ ਰੂਸ ਕੀ ਕਰ ਰਹੇ ਹਨ, ਮੈਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਆਪਣੀ ਮਰੀ ਹੋਈ ਅਰਥਵਿਵਸਥਾ ਨਾਲ ਜੋ ਚਾਹੇ ਉਹ ਕਰਨ। ਅਸੀਂ ਭਾਰਤ ਦੇ ਜ਼ਿਆਦਾ ਟੈਰਿਫ਼ ਕਾਰਨ ਉਨ੍ਹਾਂ ਨਾਲ ਵਪਾਰ ਵੀ ਬਹੁਤ ਘੱਟ ਕੀਤਾ ਹੈ। ਇਸੇ ਤਰ੍ਹਾਂ ਅਮਰੀਕਾ ਰੂਸ ਨਾਲ ਵੀ ਨਾ ਦੇ ਬਰਾਬਰ ਵਪਾਰ ਕਰਦਾ ਹੈ। ਅਸੀਂ ਇਸ ਨੂੰ ਇਸੇ ਤਰੀਕੇ ਨਾਲ ਅੱਗੇ ਵੀ ਰੱਖਾਂਗੇ।”
ਉਨ੍ਹਾਂ ਅੱਗੇ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤ੍ਰੀ ਮੇਦਵੇਦੇਵ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿ ਉਹ ਖ਼ੁਦ ਨੂੰ ਹਾਲੇ ਵੀ ਰੂਸ ਦਾ ਰਾਸ਼ਟਰਪਤੀ ਸਮਝਦੇ ਹਨ ਤੇ ਉਹ ਹੁਣ ਮੇਰੀ ਗੱਲ ਧਿਆਨ ਨਾਲ ਸਮਝ ਲੈਣ, ਉਹ ਬੇਹੱਦ ਭਿਆਨਕ ਸਥਿਤੀ ਵੱਲ ਵਧ ਰਹੇ ਹਨ।

