- CM ਮਾਨ ਆਜ਼ਾਦੀ ਦਿਵਸ ਮੌਕੇ ਫਰੀਦਕੋਟ ਵਿੱਚ ਲਹਿਰਾਉਣਗੇ ਤਿਰੰਗਾ
ਚੰਡੀਗੜ੍ਹ, 2 ਅਗਸਤ 2025 – ਇਸ ਵਾਰ ਪੰਜਾਬ ਸਰਕਾਰ ਨੇ 15 ਅਗਸਤ ਨੂੰ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਆਜ਼ਾਦੀ ਦਿਵਸ ਦਾ ਰਾਜ ਪੱਧਰੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।

ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਫਿਰੋਜ਼ਪੁਰ ਵਿੱਚ ਝੰਡਾ ਲਹਿਰਾਉਣਗੇ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰੂਪਨਗਰ ਵਿੱਚ ਝੰਡਾ ਲਹਿਰਾਉਣਗੇ। ਪ੍ਰੋਗਰਾਮ ਦਾ ਪੂਰਾ ਸ਼ਡਿਊਲ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਨੇ ਫਰੀਦਕੋਟ ਵਿੱਚ ਝੰਡਾ ਲਹਿਰਾਉਣਾ ਸੀ, ਪਰ ਪ੍ਰੋਗਰਾਮ ਤੋਂ ਚਾਰ ਦਿਨ ਪਹਿਲਾਂ ਨਹਿਰੂ ਸਟੇਡੀਅਮ ਅਤੇ ਰੇਲਵੇ ਸਟੇਸ਼ਨ ‘ਤੇ ਖਾਲਿਸਤਾਨੀ ਝੰਡੇ ਲਗਾਏ ਗਏ ਸਨ ਅਤੇ ਕੰਧਾਂ ‘ਤੇ ਨਾਅਰੇ ਲਿਖੇ ਹੋਏ ਪਾਏ ਗਏ ਸਨ।

ਇਸ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਸੀ। ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ‘ਤੇ ਵੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਮੁੱਖ ਮੰਤਰੀ ਦਾ ਦੌਰਾ ਰੱਦ ਕਰ ਦਿੱਤਾ ਗਿਆ ਸੀ, ਹਾਲਾਂਕਿ ਪ੍ਰਸ਼ਾਸਨ ਨੇ ਇਸ ਕਾਰਨ ਤੋਂ ਇਨਕਾਰ ਕੀਤਾ ਸੀ।
