ਚੇਨਈ, 9 ਫਰਵਰੀ 2021 – ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਚੇਨਈ ‘ਚ ਖੇਡੀ ਜਾ ਰਹੀ ਟੈਸਟ ਲੜੀ ਦੇ ਪਹਿਲੇ ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 227 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 420 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਭਾਰਤੀ ਟੀਮ 192 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇਕ ਵਿਕਟ ਦੇ ਨੁਕਸਾਨ ‘ਤੇ 39 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੇ ਅੱਜ ਪੰਜਵੇਂ ਦਿਨ ਇੱਥੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਨੌਜਵਾਨ ਬੱਲੇਬਾਜ਼ਾਂ ਸ਼ੁਭਮਨ ਗਿੱਲ ਨੇ 15 ਅਤੇ ਚੇਤੇਸ਼ਵਰ ਪੁਜਾਰਾ ਨੇ 12 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਪਰ ਭਾਰਤੀ ਬੱਲੇਬਾਜ਼ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੇ।
ਪਹਿਲੀ ਪਾਰੀ ਵਿੱਚ 578 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਭਾਰਤ ਨੂੰ 337 ਦੌੜਾਂ ‘ਤੇ ਢੇਰ ਕਰ ਦਿੱਤਾ। ਪਹਿਲੀ ਪਾਰੀ ਵਿੱਚ 241 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ ਸਿਰਫ 178 ਦੌੜਾਂ ‘ਤੇ ਆਊਟ ਹੋ ਗਈ ਅਤੇ ਭਾਰਤ ਨੂੰ ਜਿੱਤ ਲਈ 420 ਦੌੜਾਂ ਦਾ ਟੀਚਾ ਦਿੱਤਾ ਸੀ।
ਭਾਰਤੀ ਟੀਮ 4 ਸਾਲਾਂ ਬਾਅਦ ਘਰੇਲੂ ਮੈਦਾਨ ‘ਤੇ ਟੈਸਟ ਮੈਚ ਹਾਰੀ ਹੈ। ਇਸ ਤੋਂ ਪਹਿਲਾਂ ਸਾਲ 2017 ‘ਚ ਭਾਰਤ ਨੂੰ ਆਸਟ੍ਰੇਲੀਆ ਨੇ ਹਰਾਇਆ ਸੀ। ਇਹ ਮੈਚ ਪੁਣੇ ‘ਚ ਖੇਡਿਆ ਗਿਆ ਸੀ।