ਚੰਡੀਗੜ੍ਹ, 9 ਫਰਵਰੀ 2021 – ਪ੍ਰਧਾਨ ਮੰਤਰੀ ਵੱਲੋਂ ਸੰਘਰਸ਼ਸ਼ੀਲ ਲੋਕਾਂ ਨੂੰ ਅੰਦੋਲਨਜੀਵੀ ਕਰਾਰ ਦੇਣਾ ਹਕੂਮਤ ਦੇ ਉਸੇ ਫਾਸ਼ੀ ਹਮਲੇ ਦਾ ਹਿੱਸਾ ਹੈ ਜਿਸ ਤਹਿਤ ਉਸ ਨੇ ਪਹਿਲਾਂ ਹੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਜੇਲ੍ਹੀਂ ਸੁੱਟਿਆ ਹੋਇਆ ਹੈ। ਇਹ ਲੋਕ ਹੱਕਾਂ ਲਈ ਚਲਦੇ ਸੰਘਰਸ਼ਾਂ ‘ਚ ਜ਼ਿੰਦਗੀਆਂ ਅਰਪਤ ਕਰਨ ਵਾਲੇ ਸੰਗ੍ਰਾਮੀ ਕਾਰਕੁਨਾਂ ਖ਼ਿਲਾਫ਼ ਲੋਕ ਮਨਾਂ ‘ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਹੈ। ਇਹ ਕਿਸਾਨ ਸੰਘਰਸ਼ ਨੂੰ ਵੀ ਅਜਿਹੇ ਲੋਕਾਂ ਵੱਲੋਂ ਭਰਮਾਇਆ ਸੰਘਰਸ਼ ਦੱਸਣ ਦੀ ਕੋਸ਼ਿਸ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਵੇਲ ਕੁੱਸਾ ਵੱਲੋਂ ਕੀਤਾ ਗਿਆ।
ਉਹਨਾਂ ਅੱਗੇ ਕਿਹਾ ਸੱਚ ਤਾਂ ਇਹ ਹੈ ਕਿ ਦੇਸੀ ਵਿਦੇਸ਼ੀ ਲੁਟੇਰਿਆਂ ਨੂੰ ਮੁਲਕ ਲੁਟਾਉਣ ਦੇ ਰਾਹ ਪਏ ਹਾਕਮਾਂ ਮੂਹਰੇ ਲੋਕਾਂ ਦੇ ਅੰਦੋਲਨ ਹੀ ਰੋਕ ਬਣਦੇ ਆ ਰਹੇ ਹਨ। ਹਰ ਜਬਰ, ਧੱਕੇ ਤੇ ਵਿਤਕਰੇ ਖ਼ਿਲਾਫ਼ ਡਟਣ ਦਾ ਹੋਕਾ ਦੇਣ ਵਾਲੀਆਂ ਇਹ ਅਵਾਜ਼ਾਂ ਦੇਸ਼ ਅੰਦਰ ਰੌਸ਼ਨੀ ਦੀਆਂ ਕਿਰਨਾਂ ਬਣ ਕੇ ਚਮਕ ਰਹੀਆਂ ਹਨ ਤੇ ਹਾਕਮਾਂ ਦੇ ਕੂੜ ਭਰੇ ਮਨਸੂਬਿਆਂ ਚ ਵਿਘਨ ਪਾ ਰਹੀਆਂ ਹਨ।
ਹਰ ਜਿਊਂਦੀ ਜਾਗਦੀ ਆਵਾਜ਼ ਨੂੰ ਮੋਦੀ ਦੇ ਇਸ ਜ਼ਹਿਰੀਲੇ ਬਾਣ ਦਾ ਇਕਜੁੱਟ ਜਵਾਬ ਦੇਣਾ ਚਾਹੀਦਾ ਹੈ ਤੇ ਡਟ ਕੇ ਕਹਿਣਾ ਚਾਹੀਦਾ ਹੈ ਕਿ ਦੇਸ਼ ਦੇ ਲੋਕਾਂ ਦੀ ਖ਼ੁਸ਼ਹਾਲੀ ਦਾ ਇੱਕੋ ਇੱਕ ਰਸਤਾ ਅੰਦੋਲਨਾਂ ਦਾ ਰਸਤਾ ਹੈ ਤੇ ਅਸੀਂ ਜ਼ਿੰਦਗੀ ਦੀ ਬੇਹਤਰੀ ਲਈ ਲੋਕਾਂ ਨੂੰ ਸੰਘਰਸ਼ਸ਼ੀਲ ਬਣਾਉਣ ਵਾਸਤੇ ਯਤਨਸ਼ੀਲ ਹਾਂ। ਕਿਰਤ ਦੀ ਰਾਖੀ ਲਈ ਅੰਦੋਲਨ ਲਾਜ਼ਮੀ ਹੈ ਤੇ ਇਉਂ ਸਾਡੇ ਜਿਊਂਦੇ ਰਹਿਣ ਲਈ ਵੀ। ਅਸੀਂ ਅੰਦੋਲਨਕਾਰੀ ਹਾਂ ਤੇ ਅੰਦੋਲਨ ਕਰਨ ਦੇ ਜਮਹੂਰੀ ਹੱਕ ਨੂੰ ਬੁਲੰਦ ਕਰਦੇ ਹਾਂ।