ਹਿਮਾਚਲ ਪ੍ਰਦੇਸ਼, 8 ਅਗਸਤ 2025: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਤੀਸਾ ਵਿੱਚ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਘਟਨਾ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ। ਹਿਮਾਚਲ (Himachal) ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਪੁਲਿਸ ਅਨੁਸਾਰ, ਬੀਤੀ ਰਾਤ ਚਨਵਾਸ ਵਿੱਚ ਪਹਾੜੀ ਤੋਂ ਇੱਕ ਵੱਡੀ ਚੱਟਾਨ ਸਿੱਧੀ ਸਵਿਫਟ ਕਾਰ ‘ਤੇ ਡਿੱਗ ਪਈ। ਇਸ ਕਾਰਨ ਕਾਰ ਸੜਕ ਤੋਂ ਹੇਠਾਂ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਲਾਸ਼ਾਂ ਨੂੰ ਰਾਤ 3 ਵਜੇ ਤੱਕ ਖੱਡ ਤੋਂ ਸੜਕ ਤਕ ਲਿਆਂਦਾ ਜਾ ਸਕਿਆ। ਹੁਣ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਤੀਸਾ ਹਸਪਤਾਲ ਲਿਆਂਦਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ (40) ਨਰੇਨ ਸਿੰਘ ਦਾ ਪੁੱਤਰ, ਹੰਸੋ (36) ਰਾਜੇਸ਼ ਕੁਮਾਰ ਦੀ ਪਤਨੀ, ਆਰਤੀ (17) ਰਾਜੇਸ਼ ਦੀ ਧੀ, ਦੀਪਕ (15) ਰਾਜੇਸ਼ ਦਾ ਪੁੱਤਰ, ਰਾਕੇਸ਼ ਕੁਮਾਰ (44) ਹਰੀ ਸਿੰਘ ਦਾ ਪੁੱਤਰ ਬੁਲਵਾਸ ਦਾ ਰਹਿਣ ਵਾਲਾ ਅਤੇ ਡਰਾਈਵਰ ਹੇਮਪਾਲ (37) ਇੰਦਰ ਸਿੰਘ ਦਾ ਪੁੱਤਰ ਵਜੋਂ ਹੋਈ ਹੈ।

ਦੱਸ ਦਈਏ ਕਿ ਗੱਡੀ ਚਲਾ ਰਿਹਾ ਹੇਮਰਾਜ ਭਾਰਤੀ ਫੌਜ ਵਿੱਚ ਤਾਇਨਾਤ ਸੀ। ਉਹ ਲਗਭਗ 15 ਦਿਨ ਪਹਿਲਾਂ ਛੁੱਟੀ ‘ਤੇ ਆਇਆ ਸੀ। ਕੱਲ੍ਹ ਸ਼ਾਮ ਉਹ ਆਪਣੀ ਭੈਣ, ਜੀਜਾ ਅਤੇ ਭਾਣਜਾ – ਭਾਣਜੀ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ। ਉਸੇ ਪਿੰਡ ਦੇ ਰਾਕੇਸ਼ ਕੁਮਾਰ ਨੇ ਵੀ ਉਨ੍ਹਾਂ ਨਾਲ ਲਿਫਟ ਲਈ। ਐਸਐਚਓ ਤੀਸਾ ਨੇ ਕਿਹਾ ਕਿ ਚਸ਼ਮਦੀਦਾਂ ਦੇ ਅਨੁਸਾਰ, ਪਹਾੜੀ ਤੋਂ ਚੱਟਾਨ ਡਿੱਗ ਕੇ ਸਿੱਧੀ ਕਾਰ ਨਾਲ ਟਕਰਾ ਜਾਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਿਸੇ ਦੀ ਵੀ ਗਲਤੀ ਨਹੀਂ ਸੀ।ਹਾਦਸੇ ਦੀ ਖ਼ਬਰ ਮਿਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
