ਚੰਡੀਗੜ੍ਹ, 12 ਅਗਸਤ 2025: ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਦੀ ਪਟੀਸ਼ਨ ‘ਤੇ ਅੱਜ ਮੋਹਾਲੀ ਅਦਾਲਤ ਵਿੱਚ ਫੇਰ ਸੁਣਵਾਈ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ ਵੀ ਮਜੀਠਿਆ ਦੀ ਜਮਾਨਤ ਅਰਜੀ ‘ਤੇ ਸੁਣਵਾਈ ਹੋਈ ਅਤੇ ਲਗਭਗ ਡੇਢ ਘੰਟਾ ਬਹਿਸ ਹੋਈ ਸੀ। ਹਾਲਾਂਕਿ ਕੋਈ ਵੀ ਫੈਸਲਾ ਨਹੀਂ ਹੋਇਆ ਅਤੇ ਸੁਣਵਾਈ ਫੇਰ ਮੁਲਤਵੀ ਕਰ ਦਿੱਤੀ ਗਈ ਸੀ। ਅਦਾਲਤ ‘ਚ ਸੁਣਵਾਈ ਦੌਰਾਨ ਮਜੀਠੀਆ ਦੀ ਪਤਨੀ ਤੇ ਵਿਧਾਇਕ ਗੁਨੀਵ ਕੌਰ ਵੀ ਮੌਜੂਦ ਰਹੀ। ਉਨ੍ਹਾਂ ਕਿਹਾ ਕਿ ਸਾਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ।
ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਜ਼ਮਾਨਤ ‘ਤੇ ਅਗਲੀ ਸੁਣਵਾਈ ਅੱਜ 12 ਅਗਸਤ ਨੂੰ ਮੁੜ ਹੋਣੀ ਹੈ, ਅੱਜ ਹੀ ਅਦਾਲਤ ਜੇਲ੍ਹ ਬੈਰਕਾਂ ਵਿੱਚ ਤਬਦੀਲੀ ਦੀ ਮੰਗ ਕਰਨ ਵਾਲੀ ਮਜੀਠੀਆ ਦੀ ਪਟੀਸ਼ਨ ‘ਤੇ ਵੀ ਆਪਣਾ ਫੈਸਲਾ ਸੁਣਾਏਗੀ। ਮਜੀਠੀਆ ਦੇ ਵਕੀਲ, ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਇਹ ਪੰਜਵੀਂ ਵਾਰ ਹੈ ਜਦੋਂ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਾ ਮਿਲਣ ਕਾਰਨ ਜੇਲ੍ਹ ਵਿੱਚ ਹੀ ਰੱਖੜੀ ਦਾ ਤਿਓਹਾਰ ਮਨਾਉਣਾ ਪਿਆ। ਉਨ੍ਹਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਲਈ ਜੇਲ੍ਹ ਆਈ ਸੀ, ਪਰ ਰੱਖੜੀ ਬੰਨ੍ਹਣ ਤੋਂ ਬਾਅਦ ਹਰਸਿਮਰਤ ਨੇ ਜੇਲ੍ਹ ਅਧਿਕਾਰੀਆਂ ‘ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਨੂੰ ਰੱਖਦੀ ਬੰਨ੍ਹਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।

