ਨਵੀਂ ਦਿੱਲੀ, 12 ਅਗਸਤ 2025 – ਅੱਜ ਸੋਨੇ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਡਿੱਗੀਆਂ ਹਨ। ਇਸ ਤੋਂ ਪਹਿਲਾਂ, ਸੋਮਵਾਰ ਨੂੰ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਸੀ। 12 ਅਗਸਤ ਨੂੰ, MCX ‘ਤੇ ਸੋਨੇ ਦੀ ਕੀਮਤ 1,00,268 ਰੁਪਏ ਤੱਕ ਪਹੁੰਚ ਗਈ, ਜਦੋਂ ਕਿ ਚਾਂਦੀ ਦੀ ਕੀਮਤ 0.25 ਪ੍ਰਤੀਸ਼ਤ ਵਧੀ ਹੈ, ਇਹ 1,13,575 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ, ਸੋਨੇ ਅਤੇ ਚਾਂਦੀ ਦੇ ਫਿਊਚਰਜ਼ ਵਪਾਰ ਵਿੱਚ ਨਰਮੀ ਦੇਖੀ ਜਾ ਰਹੀ ਹੈ।
ਬੀਤੇ ਕੱਲ੍ਹ ਸੋਨੇ ’ਚ ਪੰਜ ਦਿਨਾਂ ਤੋਂ ਜਾਰੀ ਤੇਜ਼ੀ ’ਤੇ ਠਹਿਰਾਅ ਲੱਗਾ। ਗਲੋਬਲ ਪੱਧਰ ’ਤੇ ਤਣਾਅ ਘੱਟ ਹੋਣ ਦਰਮਿਆਨ ਸਟਾਕਿਸਟਾਂ ਦੀ ਬਿਕਵਾਲੀ ਨਾਲ ਸੋਨੇ ਦੀ ਕੀਮਤ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਰਿਕਾਰਡ ਉੱਚੇ ਪੱਧਰ ਤੋਂ 1400 ਰੁਪਏ ਡਿੱਗ ਕੇ 1,03,300 ਰੁਪਏ ਪ੍ਰਤੀ 10 ਗ੍ਰਾਮ ’ਤੇ ਰਹੀ। ਸ਼ੁੱਕਰਵਾਰ ਤੱਕ ਪੰਜ ਇਜਲਾਸਾਂ ’ਚ ਸੋਨੇ ਦੀ ਕੀਮਤ ’ਚ 5,800 ਰੁਪਏ ਪ੍ਰਤੀ 10 ਗ੍ਰਾਮ ਤੱਕ ਦਾ ਵਾਧਾ ਹੋਇਆ ਹੈ।
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿਣਸ) ਸੌਮਿਲ ਗਾਂਧੀ ਨੇ ਕਿਹਾ, ‘‘ਬਾਜ਼ਾਰ ਦੇ ਉਤਸ਼ਾਹਜਨਕ ਰੁਖ਼ ਕਾਰਨ ਰਿਵਾਇਤੀ ਸੁਰੱਖਿਅਤ ਨਿਵੇਸ਼ ਵਾਲੀਆਂ ਜਾਇਦਾਦਾਂ ਦੀ ਮੰਗ ਘੱਟ ਹੋਣ ਨਾਲ ਸੋਨੇ ’ਚ ਕਮਜ਼ੋਰ ਰੁਖ਼ ਨਾਲ ਕਾਰੋਬਾਰ ਸ਼ੁਰੂ ਹੋਇਆ। ਗਾਂਧੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸੋਨੇ ਦੀਆਂ ਛੜਾਂ ’ਤੇ 39 ਫ਼ੀਸਦੀ ਡਿਊਟੀ ਦੇ ਸਬੰਧ ’ਚ ਵ੍ਹਾਈਟ ਹਾਊਸ ਦੇ ਸਪੱਸ਼ਟੀਕਰਨ ਨਾਲ ਵੀ ਸੋਨੇ ਦੀਆਂ ਕੀਮਤਾਂ ’ਤੇ ਦਬਾਅ ਪਿਆ।

ਆਲ ਇੰਡੀਆ ਸਰਾਫ ਫੈੱਡਰੇਸ਼ਨ ਅਨੁਸਾਰ ਚਾਂਦੀ ਦੀ ਕੀਮਤ 2,600 ਰੁਪਏ ਟੁੱਟ ਕੇ 1,16,900 ਰੁਪਏ ਪ੍ਰਤੀ ਕਿੱਲੋਗ੍ਰਾਮ ਰਹੀ। ਗਲੋਬਲ ਬਾਜ਼ਾਰ ਨਿਊਯਾਰਕ ’ਚ ਹਾਜ਼ਰ ਬਾਜ਼ਾਰ ’ਚ ਸੋਨਾ 40.61 ਡਾਲਰ ਟੁੱਟ ਕੇ 3,358.17 ਡਾਲਰ ਪ੍ਰਤੀ ਔਂਸ ’ਤੇ ਰਿਹਾ। ਹਾਜ਼ਰ ਚਾਂਦੀ 1.39 ਫ਼ੀਸਦੀ ਡਿੱਗ ਕੇ 37.81 ਡਾਲਰ ਪ੍ਰਤੀ ਔਂਸ ’ਤੇ ਰਹੀ।
