ਅੰਮ੍ਰਿਤਸਰ, 13 ਅਗਸਤ 2025: ਹਰਜੋਤ ਬੈਂਸ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜ਼ਿਕਰਯੋਗ ਹੈ ਕਿ ਹਰਜੋਤ ਬੈਂਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਕਰਨ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਾਈ ਗਈ ਸੀ। ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਅੱਜ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀ ਲਗਵਾਈ। ਇਸ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ।
ਇਸ ਦੌਰਾਨ ਬੈਂਸ ਨੇ ਕਿਹਾ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ ਆਦੇਸ਼ ਨੌਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਤੁਰ ਕੇ ਜਾਣ ਅਤੇ ਇਸ ਅਸਥਾਨ ਨੂੰ ਜਾਂਦੇ ਰਸਤਿਆਂ ਅਤੇ ਗਲੀਆਂ ਨੂੰ ਠੀਕ ਕਰਵਾਉਣ, ਚੰਗੀ ਸਾਫ਼-ਸਫਾਈ ਯਕੀਨੀ ਬਣਾਉਣ, ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ, ਵੱਲਾ ਵਿਖੇ 100 ਮੀਟਰ ਤੁਰ ਕੇ ਜਾਣ ਅਤੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨ, ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਲੋੜੀਂਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣ, ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ 2 ਦਿਨ ਜੋੜਾ ਘਰ ਵਿਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣੀ ਸੀ। ਉਕਤ ਹੁਕਮ ਅਨੁਸਾਰ ਉਨ੍ਹਾਂ ਆਪਣੀ ਸੇਵਾ ਇਕ ਨਿਮਾਣੇ ਸਿੱਖ ਵਜੋਂ ਮੁਕੰਮਲ ਕਰ ਲਈ ਹੈ।

