ਚੰਡੀਗੜ੍ਹ, 13 ਅਗਸਤ 2025 – ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਅਗਲੇ 6 ਮਹੀਨਿਆਂ ਵਿਚ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ ਕਿਉਂਕਿ ਸਰਕਾਰ ਨੇ ਪੂਰੀ ਸ਼ਕਤੀ ਨਾਲ ਨਸ਼ਿਆਂ ਖਿਲਾਫ ਜੰਗ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਸ਼ਚਾ ਕਰ ਲਿਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਅਤੇ ਇਸ ਦੇ ਲਈ ਸਰਕਾਰ ਜੀਅ-ਜਾਨ ਨਾਲ ਜੁਟੀ ਹੋਈ ਹੈ। ਸਰਕਾਰ ਨੂੰ ਨਸ਼ਿਆਂ ਖਿਲਾਫ ਮਹਾਜੰਗ ਵਿੱਢਣ ਵਿਚ 3 ਸਾਲ ਦਾ ਸਮਾਂ ਇਸ ਲਈ ਲੱਗ ਗਿਆ ਕਿਉਂਕਿ ਉਹ ਪੂਰੀ ਤਿਆਰੀ ਨਾਲ ਮੈਦਾਨ ਵਿਚ ਉਤਰਨਾ ਚਾਹੁੰਦੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਹ ਅਧਿਐਨ ਕਰ ਰਹੀ ਸੀ ਕਿ ਨਸ਼ਾ ਸਮੱਗਲਰਾਂ ਨਾਲ ਪੁਲਸ ਦੀ ਮਿਲੀਭੁਗਤ ਕਿੰਨੀ ਹੈ ਅਤੇ ਨਾਲ ਹੀ ਸਰਕਾਰ ਨਸ਼ਾ ਛੁਡਾਊ ਕੇਂਦਰ ਬਣਾਉਣਾ ਚਾਹੁੰਦੀ ਸੀ। ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਸਰਕਾਰ ਨਸ਼ਿਆਂ ਖਿਲਾਫ ਜੰਗ ਸ਼ੁਰੂ ਕਰ ਦੇਵੇ ਅਤੇ ਉਸ ਤੋਂ ਬਾਅਦ ਨੌਜਵਾਨਾਂ ਦਾ ਇਲਾਜ ਨਾ ਹੋ ਸਕੇ।

