ਲੁਧਿਆਣਾ, 14 ਅਗਸਤ 2025 – ਕਾਊਂਟਰ ਇੰਟੈਲੀਜੈਂਸ, ਪੰਜਾਬ ਵਿੱਚ ਕੰਮ ਕਰ ਰਹੇ ਕਮਿਸ਼ਨਰੇਟ ਪੁਲਿਸ, ਲੁਧਿਆਣਾ ਦੇ ਇੰਸਪੈਕਟਰ ਸੁਰੇਸ਼ ਕੁਮਾਰ ਨੂੰ 36 ਸਾਲਾਂ ਤੋਂ ਵੱਧ ਸਮੇਂ ਤੱਕ ਕੀਤੀ ਗਈ ਉਨ੍ਹਾਂ ਦੀ ਸ਼ਾਨਦਾਰ ਅਤੇ ਬੇਦਾਗ਼ ਸੇਵਾ ਦੇ ਸਨਮਾਨ ਵਿੱਚ ਆਜ਼ਾਦੀ ਦਿਵਸ 2025 ਮੌਕੇ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ।
ਇਸ ਆਜ਼ਾਦੀ ਦਿਵਸ-2025 ਦੌਰਾਨ ਪੰਜਾਬ ਦੇ ਸਿਰਫ਼ ਦੋ ਪੁਲਿਸ ਅਧਿਕਾਰੀਆਂ, ਇੰਸਪੈਕਟਰ ਸੁਰੇਸ਼ ਕੁਮਾਰ ਅਤੇ ਏ.ਡੀ.ਜੀ.ਪੀ. ਪੀ.ਏ.ਪੀ. ਸ਼੍ਰੀ ਫਾਰੂਕੀ ਆਈ.ਪੀ.ਐਸ, ਨੂੰ ਇਸ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ।
ਇੰਸਪੈਕਟਰ ਸੁਰੇਸ਼ ਕੁਮਾਰ ਦਾ ਲਾਅ ਇਨਫੋਰਸਮੈਂਟ ਵਿੱਚ ਇੱਕ ਸ਼ਾਨਦਾਰ ਕਰੀਅਰ ਰਿਕਾਰਡ ਹੈ, ਜਿਸਦੇ ਤਹਿਤ ਕਈ ਸਨਮਾਨ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ 2016 ਦੇ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ 2023 ਵਿੱਚ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਸ਼ਾਮਲ ਹਨ। ਇੰਸਪੈਕਟਰ ਕੁਮਾਰ ਨੂੰ ਕ੍ਰਮਵਾਰ 2010, 2017, 2022 ਅਤੇ 2023 ਵਿੱਚ 4 ਵਾਰ ਡੀ.ਜੀ.ਪੀ. ਡਿਸਕ ਨਾਲ ਨਿਵਾਜਿਆ ਗਿਆ, 200 ਤੋਂ ਵੱਧ ਪ੍ਰਸ਼ੰਸਾ ਸਰਟੀਫਿਕੇਟ ਅਤੇ ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ 10 ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ ਹਨ। ਸਾਲ 1990 ਵਿੱਚ ਇਨ੍ਹਾਂ ਜਹਾਨ-ਖੇਲਾਂ ਵਿਖੇ ਆਪਣੇ ਬੈਚ ਦੇ 600 ਰੰਗਰੂਟਾਂ ਵਿੱਚੋਂ ਮੁੱਢਲੀ ਸਿਖਲਾਈ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ 1987 ਵਿੱਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਾਲਜ ਦੇ ਸਰਵੋਤਮ ਅਥਲੀਟ ਦਾ ਤਾਜ ਪਹਿਨਣ ਦਾ ਵੀ ਮਾਣ ਹਾਸਲ ਹੈ।

ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਇੰਸਪੈਕਟਰ ਸੁਰੇਸ਼ ਨੇ ਕਤਲ ਅਤੇ ਵੱਡੇ ਗੈਂਗਾਂ ਦਾ ਪਰਦਾਫਾਸ਼ ਕਰਨ ਸਮੇਤ ਕਈ ਘਿਨਾਉਣੇ ਅਪਰਾਧਾਂ ਨੂੰ ਨੱਥ ਪਾਉਣ ਵਿੱਚ ਹਿੰਮਤ, ਵਚਨਬੱਧਤਾ, ਡਿਊਟੀ ਪ੍ਰਤੀ ਅਟੁੱਟ ਸਮਰਪਣ ਅਤੇ ਪੇਸ਼ੇਵਰਤਾ ਦਾ ਪ੍ਰਦਰਸ਼ਨ ਕੀਤਾ ਹੈ। ਹੋਰ ਮਹੱਤਵਪੂਰਨ ਮਾਮਲਿਆਂ ਤੋਂ ਇਲਾਵਾ, ਇੰਸਪੈਕਟਰ ਕੁਮਾਰ ਨੇ ਕੈਸ਼ ਮੈਨੇਜਮੈਂਟ ਫਰਮ, ਸੀ.ਐਮ.ਐਸ. ਦੇ ਦਫ਼ਤਰ ਵਿੱਚ ਪੰਜਾਬ ਦੀ ਸਭ ਤੋਂ ਵੱਡੀ 8.49 ਕਰੋੜ ਰੁਪਏ ਦੀ ਡਕੈਤੀ ਨੂੰ ਸੁਲਝਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਆਪਣੇ ਸ਼ਾਨਦਾਰ ਪੁਲਿਸ ਕਰੀਅਰ ਦੇ ਨਾਲ, ਵਾਤਾਵਰਣ ਪੱਖੀ ਸੋਚ ਰੱਖਣ ਵਾਲੇ ਇੰਸਪੈਕਟਰ ਸੁਰੇਸ਼ ਕੁਮਾਰ ਵੱਲੋਂ ਸਰਗਰਮੀ ਨਾਲ ਰੁੱਖ ਲਗਾ ਕੇ ਚੁਗਿਰਦੇ ਨੂੰ ਹਰਿਆ ਭਰਿਆ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
