ਚੰਡੀਗੜ੍ਹ, 19 ਅਗਸਤ 2025 – ਪੀਜੀਆਈ ਚੰਡੀਗੜ੍ਹ ਦੇ ਨਰਸਿੰਗ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ (ਨਾਈਨ) ਦੇ ਹੋਸਟਲ ਤੋਂ ਇੱਕ ਨਰਸਿੰਗ ਵਿਦਿਆਰਥਣ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਹ ਦੋਸ਼ ਪੀਜੀਆਈ ਕੰਟਰੈਕਟ ਵਰਕਰ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਲਗਾਇਆ ਹੈ।
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਮੰਗੀ ਗਈ ਜਾਣਕਾਰੀ ਵਿੱਚ ਪੀਜੀਆਈ ਪ੍ਰਸ਼ਾਸਨ ਨੇ ਮੰਨਿਆ ਹੈ ਕਿ ਨਾਇਨ ਦੇ ਮੁੱਖ ਗੇਟ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਖਰਾਬ ਸਨ, ਇਸ ਲਈ ਫੁਟੇਜ ਉਪਲਬਧ ਨਹੀਂ ਹੈ। ਮੁੰਜਾਲ ਨੇ ਦੱਸਿਆ ਕਿ 22-23 ਜੁਲਾਈ 2025 ਦੀ ਰਾਤ ਨੂੰ ਇੱਕ ਨਰਸਿੰਗ ਵਿਦਿਆਰਥਣ ਹੋਸਟਲ ਦੀ ਕੰਧ ਟੱਪ ਕੇ ਬਾਹਰ ਚਲੀ ਗਈ ਅਤੇ ਪੂਰੀ ਰਾਤ ਲਾਪਤਾ ਰਹਿਣ ਤੋਂ ਬਾਅਦ ਅਗਲੇ ਦਿਨ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਵਾਪਸ ਆ ਗਈ।
ਇਸ ਮਾਮਲੇ ਸਬੰਧੀ ਉਨ੍ਹਾਂ ਨੇ ਆਰ.ਟੀ.ਆਈ. ਵਿੱਚ ਸੀ.ਸੀ.ਟੀ.ਵੀ. ਫੁਟੇਜ ਅਤੇ ਸ਼ਿਕਾਇਤ ਦੀਆਂ ਕਾਪੀਆਂ ਮੰਗੀਆਂ ਸਨ, ਪਰ ਪ੍ਰਸ਼ਾਸਨ ਨੇ ਕੈਮਰੇ ਖਰਾਬ ਹੋਣ ਦੀ ਗੱਲ ਕਹਿ ਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
RTI ਵਿੱਚ ਪੁੱਛੇ ਗਏ ਸਵਾਲ:
ਕੀ ਹੋਸਟਲ ਵਾਰਡਨ ਨੇ ਇਸ ਘਟਨਾ ਬਾਰੇ ਪ੍ਰਿੰਸੀਪਲ ਅਤੇ ਹੋਸਟਲ ਕਮੇਟੀ ਨੂੰ ਸੂਚਿਤ ਕੀਤਾ ਸੀ ?
ਕੀ ਵਿਦਿਆਰਥੀ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਕਿਸ ਸਮੇਂ ?
ਕੀ PGI ਡਾਇਰੈਕਟਰ, ਡਿਪਟੀ ਡਾਇਰੈਕਟਰ ਪ੍ਰਸ਼ਾਸਨ ਅਤੇ ਮੈਡੀਕਲ ਸੁਪਰਡੈਂਟ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ ?
ਨਰਸਿੰਗ ਵਿਦਿਆਰਥੀਆਂ ਦੀ ਸੁਰੱਖਿਆ ਲਈ ਕਿਹੜਾ ਅਧਿਕਾਰੀ ਜ਼ਿੰਮੇਵਾਰ ਹੈ ?
NINE ਦੇ ਪ੍ਰਿੰਸੀਪਲ ਦਾ ਅਹੁਦਾ ਕਦੋਂ ਤੋਂ ਖਾਲੀ ਹੈ ਅਤੇ ਇਸਨੂੰ ਨਿਯਮਿਤ ਤੌਰ ‘ਤੇ ਕਿਉਂ ਨਹੀਂ ਭਰਿਆ ਜਾ ਰਿਹਾ ਹੈ ?
ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਕਿਹਾ ਕਿ PGI ਪ੍ਰਸ਼ਾਸਨ ਨੇ ਸਿਰਫ਼ ਇਹ ਕਿਹਾ ਸੀ ਕਿ “ਮੁੱਖ ਗੇਟ ਦਾ ਸੀਸੀਟੀਵੀ ਕੈਮਰਾ ਕੰਮ ਨਹੀਂ ਕਰ ਰਿਹਾ ਸੀ।” ਪਰ ਹੋਸਟਲ ਦੇ ਅਹਾਤੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ‘ਤੇ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਨਾਲ ਗੰਭੀਰ ਸਵਾਲ ਉੱਠਦੇ ਹਨ ਕਿ ਇੰਨੀ ਸੰਵੇਦਨਸ਼ੀਲ ਜਗ੍ਹਾ ‘ਤੇ ਲੱਗੇ ਕੈਮਰੇ ਕੰਮ ਕਿਉਂ ਨਹੀਂ ਕਰ ਰਹੇ ਸਨ। ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਮਹੱਤਵਪੂਰਨ ਸਬੂਤ ਲੁਕਾਉਣ ਲਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।


