ਮੋਹਾਲੀ, 19 ਅਗਸਤ 2025 – ਐੱਫ. ਐੱਸ. ਐੱਲ. ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਖ਼ਿਲਾਫ਼ ਥਾਣਾ ਫੇਜ਼-1 ਵਿਖੇ ਆਪਣੇ ਹੀ ਵਿਭਾਗ ਦੀ ਇੱਕ ਮਹਿਲਾ ਅਫ਼ਸਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮਹਿਲਾ ਅਧਿਕਾਰੀ ਨੇ ਅਸ਼ਵਨੀ ਕਾਲੀਆ ‘ਤੇ ਦੋਸ਼ ਲਗਾਏ ਹਨ ਕਿ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਕੇਸ ਨਾਲ ਸਬੰਧਿਤ ਦਸਤਾਵੇਜ਼ ਉਸ ਕੋਲੋਂ ਮੰਗੇ ਗਏ ਸਨ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਮੋਹਾਲੀ ਫੇਜ਼-4 ਵਿਚਲੀ ਫਾਰੈਂਸਿਕ ਲੈਬ ‘ਚ ਤਾਇਨਾਤ ਹੈ। ਮਹਿਲਾ ਅਧਿਕਾਰੀ ਮੁਤਾਬਕ ਥਾਣਾ ਫੇਜ਼-8 ‘ਚ 24 ਮਈ 2022 ਨੂੰ ਦਰਜ ਹੋਏ ਸਾਬਕਾ ਮੰਤਰੀ ਵਿਜੇ ਸਿੰਗਲਾ ਨਾਲ ਸਬੰਧਿਤ ਇੱਕ ਆਡੀਓ ਪੁਲਸ ਨੇ ਲੈਬ ‘ਚ ਜਮ੍ਹਾਂ ਕਰਵਾਈ ਸੀ। ਉਸ ਵੱਲੋਂ ਉਕਤ ਆਡੀਓ ਦਾ ਨਤੀਜਾ ਤਿਆਰ ਕਰਕੇ ਆਪਣੇ ਕੋਲ ਰੱਖਿਆ ਹੋਇਆ ਸੀ।
ਉਕਤ ਆਡੀਓ ‘ਤੇ ਪਾਰਸਲ ਦੀ ਸੀਲ ਹਟਾਉਣ ਲਈ ਉਕਤ ਅਧਿਕਾਰੀ ਵੱਲੋਂ ਉਸਦੇ ਸਟਾਫ਼ ਨੂੰ ਕਈ ਵਾਰ ਕਿਹਾ ਗਿਆ। ਜਦੋਂ ਉਸਨੇ ਆਪਣੀ ਮੋਹਰ ਨਾ ਦਿੱਤੀ ਤਾਂ ਉਕਤ ਅਧਿਕਾਰੀ ਨੇ ਉਸਨੂੰ ਜਾਤੀ ਸੂਚਕ ਸ਼ਬਦ ਆਖੇ ਅਤੇ ਨੌਕਰੀ ਤੋਂ ਕੱਢਵਾਉਣ ਦੀ ਧਮਕੀ ਵੀ ਦਿੱਤੀ। ਓਧਰ ਸਾਬਕਾ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੋਹਾਲੀ ਪੁਲਸ ਵੱਲੋਂ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ, ਜਿਸ ‘ਤੇ ਅਦਾਲਤ ਨੇ ਆਪਣਾ ਫ਼ੈਸਲਾ 21 ਅਗਸਤ ਲਈ ਰਾਖਵਾਂ ਰੱਖ ਲਿਆ ਹੈ।

