ਚੰਡੀਗੜ੍ਹ, 19 ਅਗਸਤ 2025: ਪਹਾੜਾਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਵਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅਹਿਮ ਫ਼ੈਸਲਾ ਲੈਂਦਿਆਂ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਟੈਸਟਿੰਗ ਲਈ ਖੋਲ (flood gates Opened) ਦਿੱਤੇ ਹਨ। BBMB ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਅੱਜ ਲੜੀਵਾਰ ਢੰਗ ਨਾਲ ਭਾਖੜਾ ਡੈਮ ਦੇ ਗੇਟ ਖੋਲ੍ਹੇ ਜਾ ਰਹੇ ਹਨ। ਫਿਲਹਾਲ ਇਹ ਗੇਟ ਦੁਪਹਿਰ 3 ਵਜੇ ਇੱਕ ਫੁੱਟ ਤੱਕ ਖੋਲ੍ਹੇ ਗਏ। ਇਸ ਤੋਂ ਬਾਅਦ ਸ਼ਾਮ ਚਾਰ ਵਜੇ 2 ਫੁੱਟ ਅਤੇ ਫਿਰ ਸ਼ਾਮ ਪੰਜ ਵਜੇ ਤਿੰਨ ਫੁੱਟ ਤਕ ਖੋਲ੍ਹੇ ਜਾਣਗੇ।
ਦੱਸ ਦਈਏ ਕਿ ਭਾਖੜਾ ਦਾ ਪਾਣੀ ਦਾ ਪੱਧਰ ਅਜੇ ਖ਼ਤਰੇ ਦੇ ਨਿਸ਼ਾਨ ਤੋਂ 15 ਫੁੱਟ ਹੇਠਾਂ ਹੈ। ਭਾਖੜਾ ਡੈਮ ਵਿੱਚ ਸਵੇਰੇ ਪਾਣੀ ਦਾ ਪੱਧਰ 1665 ਫੁੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1715 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ 1730 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 15 ਫੁੱਟ ਹੇਠਾਂ ਹੈ। ਪਰ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਪਹਾੜੀ ਇਲਾਕਿਆਂ ਚ ਇੰਝ ਹੀ ਮੀਂਹ ਪੈਂਦਾ ਰਿਹਾ ਤਾਂ ਇਹ ਪੰਜਾਬ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

