ਜਲੰਧਰ, 20 ਅਗਸਤ 2025 – ਜਲੰਧਰ ਦੇ ਪਾਸ਼ ਅਰਬਨ ਅਸਟੇਟ ਮਾਰਕੀਟ ਵਿੱਚ ਤਿੰਨ ਅਪਰਾਧੀਆਂ ਨੇ ਵੱਲੋਂ ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ ‘ਤੇ ਸ਼ਰੇਆਮ ਗੋਲੀਬਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ‘ਚ ਗੋਲੀ ਡਾਕਟਰ ਸੂਦ ਦੀ ਲੱਤ ‘ਤੇ ਲੱਗ ਗਈ ਹੈ। ਅਪਰਾਧੀਆਂ ਦਾ ਕੀ ਇਰਾਦਾ ਸੀ, ਡਕੈਤੀ, ਅਗਵਾ, ਨਿੱਜੀ ਦੁਸ਼ਮਣੀ ਜਾਂ ਕੁਝ ਹੋਰ। ਇਹ ਜਾਂਚ ਦਾ ਵਿਸ਼ਾ ਹੈ, ਜਿਸ ਬਾਰੇ ਅਜੇ ਤੱਕ ਕੋਈ ਵੀ ਜਾਣਕਰੀ ਸਾਹਮਣੇ ਨਹੀਂ ਆਈ ਹੈ।
ਜਾਣਕਾਰੀ ਅਨੁਸਾਰ, ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ, ਜੋ ਕਿ ਜਲੰਧਰ ਹਾਈਟਸ-2 ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਹਸਪਤਾਲ ਤੋਂ ਘਰ ਜਾ ਰਿਹਾ ਸੀ, ਰਸਤੇ ਵਿੱਚ ਉਹ ਅਰਬਨ ਅਸਟੇਟ ਫੇਜ਼-2 ਵਿੱਚ ਸਥਿਤ ਸੁਪਰਮਾਰਕੀਟ ਵਿੱਚ ਕੁਝ ਸਾਮਾਨ ਖਰੀਦਣ ਲਈ ਰੁਕਿਆ।
ਜਦੋਂ ਉਹ ਵਾਪਸ ਆਇਆ ਅਤੇ ਕਾਰ ਵਿੱਚ ਬੈਠਣ ਲੱਗਾ ਤਾਂ ਅਚਾਨਕ ਤਿੰਨ ਬਦਮਾਸ਼ਾਂ ਨੇ ਉਸਨੂੰ ਘੇਰ ਲਿਆ। ਇੱਕ ਬਦਮਾਸ਼ ਡਰਾਈਵਿੰਗ ਸੀਟ ‘ਤੇ ਬੈਠਾ ਸੀ ਅਤੇ ਬਾਕੀਆਂ ਨੇ ਉਸਨੂੰ ਫੜ ਲਿਆ। ਜਦੋਂ ਉਸਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਖਿੱਚਣ ਦੌਰਾਨ ਗੋਲੀ ਚਲਾਈ। ਗੋਲੀ ਉਸਦੇ ਪੈਰ ਵਿੱਚ ਲੱਗੀ। ਗੋਲੀਬਾਰੀ ਤੋਂ ਤੁਰੰਤ ਬਾਅਦ ਬਦਮਾਸ਼ ਮੌਕੇ ਤੋਂ ਭੱਜ ਗਏ।

ਸੂਚਨਾ ਮਿਲਣ ‘ਤੇ ਕਮਿਸ਼ਨਰੇਟ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਪੁਲਿਸ ਨੂੰ ਮੌਕੇ ਤੋਂ ਬਦਮਾਸ਼ਾਂ ਦੀ ਸੀਸੀਟੀਵੀ ਫੁਟੇਜ ਮਿਲ ਗਈ ਹੈ। ਪੁਲਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਬਦਮਾਸ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਬਦਮਾਸ਼ਾਂ ਦਾ ਕੀ ਇਰਾਦਾ ਸੀ। ਘਟਨਾ ਦਾ ਪਤਾ ਲਗਾਉਣ ਲਈ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ।
