- ਬੈਰਕ ਬਦਲੀ ਅਰਜ਼ੀ ’ਤੇ ਨਹੀਂ ਹੋ ਸਕੀ ਸੁਣਵਾਈ
- ਅਗਲੀ ਸੁਣਵਾਈ 28 ਅਗਸਤ ਨੂੰ
ਮੋਹਾਲੀ, 21 ਅਗਸਤ 2025 – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਤੋਂ ਅੱਜ ਵੀ ਰਾਹਤ ਨਹੀਂ ਮਿਲੀ ਹੈ। ਦੱਸ ਦਈਏ ਕਿ ਬਿਕਰਮ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਅੱਜ ਅਦਾਲਤ ਵਿਖੇ ਸੁਣਵਾਈ ਹੋਣੀ ਜੋ ਕਿ ਨਹੀਂ ਹੋ ਸਕੀ। ਜਿਸ ਤੋਂ ਬਾਅਦ ਹੁਣ ਅਦਾਲਤ ਨੇ ਇਸ ਮਾਮਲੇ ਨੂੰ 28 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ।
ਦੱਸ ਦਈਏ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੋ ਕਿ ਬੀਤੇ ਕਰੀਬ 47 ਦਿਨਾਂ ਤੋਂ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰ ਬੰਦ ਹਨ, ਨੇ ਮੁਹਾਲੀ ਅਦਾਲਤ ਵਿਖੇ ਆਪਣੇ ਬੈਰਕ ਨੂੰ ਬਦਲਣ ਲਈ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਅਦਾਲਤ ਦੇ ਹੁਕਮਾਂ ਤੇ ਏ. ਡੀ. ਜੀ. ਪੀ. ਜੇਲ੍ਹਾਂ ਵਲੋਂ ਇਕ ਬੰਦ ਲਿਫ਼ਾਫ਼ਾ ਰਿਪੋਰਟ ਵੀ ਜਮਾਂ ਕਰਵਾਈ ਗਈ ਹੈ।
ਅੱਜ ਲਈ ਸੂਚੀਬੱਧ ਉਕਤ ਮਾਮਲੇ ’ਤੇ ਕੁਝ ਕਾਰਨਾਂ ਕਰਕੇ ਸੁਣਵਾਈ ਨਹੀਂ ਹੋ ਸਕੀ, ਜਿਸ ’ਤੇ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਇਸ ਮਾਮਲੇ ਨੂੰ ਮਜੀਠੀਆ ਦੀ ਅਗਲੀ ਪੇਸ਼ੀ ਤੱਕ ਮੁਲਤਵੀ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਹੀ ਉਹ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਵਿਚ ਨਜ਼ਰ ਬੰਦ ਹਨ।
