- ਮ੍ਰਿਤਕਾਂ ਵਿੱਚ 5 ਔਰਤਾਂ, ਕਈ ਜ਼ਖਮੀ
ਪਟਨਾ, 23 ਅਗਸਤ 2025 – ਪਟਨਾ ਵਿੱਚ ਟਰੱਕ ਤੇ ਆਟੋ ਵਿਚਕਾਰ ਇੱਕ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਿਨਾਂ ਹਾਦਸੇ ‘ਚ ਕਈ ਲੋਕ ਜ਼ਖਮੀ ਵੀ ਹਨ। ਇਹ ਹਾਦਸਾ ਸ਼ਨੀਵਾਰ ਸਵੇਰੇ ਸ਼ਾਹਜਹਾਂਪੁਰ ਵਿੱਚ ਦਾਨਿਆਵਾਨ ਹਿਲਸਾ ਸਟੇਟ ਹਾਈਵੇਅ 4 ‘ਤੇ ਸਿਗਰਿਆਵਾ ਸਟੇਸ਼ਨ ਨੇੜੇ ਵਾਪਰਿਆ। ਹਾਦਸੇ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦਾਨਿਆਵਾਨ ਪੁਲਿਸ ਸਟੇਸ਼ਨ ਮੁਖੀ ਨੇ ਕਿਹਾ, ਮ੍ਰਿਤਕ ਨਾਲੰਦਾ ਜ਼ਿਲ੍ਹੇ ਦੇ ਹਿਲਸਾ ਦੇ ਮਾਲਵਾ ਦੇ ਰਹਿਣ ਵਾਲੇ ਸਨ।
ਮ੍ਰਿਤਕਾਂ ਵਿੱਚ 5 ਔਰਤਾਂ ਸ਼ਾਮਲ ਹਨ। ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਇਲਾਜ ਲਈ ਪੀਐਮਸੀਐਚ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ‘ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ। ਟਰੱਕ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸਾਰੇ ਆਟੋ ਰਾਹੀਂ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਹੇ ਸਨ। 8 ਦੀ ਮੌਤ ਹੋ ਗਈ ਹੈ। 4-5 ਜ਼ਖਮੀ ਹਨ।’
ਸਾਰੇ ਮ੍ਰਿਤਕ ਅਤੇ ਜ਼ਖਮੀ ਨਾਲੰਦਾ ਦੇ ਹਿਲਸਾ ਥਾਣਾ ਖੇਤਰ ਦੇ ਵਸਨੀਕ ਸਨ। ਨਾਲੰਦਾ ਤੋਂ ਪਿੰਡ ਦੀਆਂ ਔਰਤਾਂ ਤੀਜ ਤਿਉਹਾਰ ਦੇ ਮੌਕੇ ‘ਤੇ ਗੰਗਾ ਵਿੱਚ ਇਸ਼ਨਾਨ ਕਰਨ ਲਈ ਆਟੋ ਰਾਹੀਂ ਫਤੂਹਾ ਦੇ ਤ੍ਰਿਵੇਣੀ ਜਾ ਰਹੀਆਂ ਸਨ। ਘਟਨਾ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਵਿੱਚ ਭਾਰੀ ਗੁੱਸਾ ਹੈ। ਉਹ ਕਿਸੇ ਨੂੰ ਵੀ ਮੌਕੇ ‘ਤੇ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।

