ਝਾਰਖੰਡ , 24 ਅਗਸਤ 2025: ਝਾਰਖੰਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਚੰਪਾਈ ਸੋਰੇਨ ਨੂੰ ਰਾਂਚੀ ਦੇ ਕਾਂਕੇ ਖੇਤਰ ਵਿੱਚ ਪ੍ਰਸਤਾਵਿਤ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ-2) ਲਈ ਜ਼ਮੀਨ ਪ੍ਰਾਪਤੀ ਦੇ ਖ਼ਿਲਾਫ਼ ਉਨ੍ਹਾਂ ਦੇ ਐਲਾਨੇ ਗਏ ਵਿਰੋਧ ਪ੍ਰਦਰਸ਼ਨ ਤੋਂ ਕੁਝ ਘੰਟੇ ਪਹਿਲਾਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸੋਰੇਨ ਨੇ ਸਵੇਰੇ ਇਕ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਸੀ ਕਿ ਨਾਗਦੀ ਦੇ ਆਦਿਵਾਸੀ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਹੋਣ ਤੋਂ ਰੋਕਣ ਲਈ ਝਾਰਖੰਡ ਸਰਕਾਰ ਨੇ ਮੈਨੂੰ ਅੱਜ ਸਵੇਰ ਤੋਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਡਿਪਟੀ ਸੁਪਰਡੈਂਟ ਆਫ਼ ਪੁਲਸ ਕੇ.ਵੀ. ਰਮਨ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਹ ਕਦਮ ਜ਼ਰੂਰੀ ਸੀ। ਉਨ੍ਹਾਂ ਕਿਹਾ, “ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਢੁਕਵੇਂ ਉਪਾਅ ਕੀਤੇ ਗਏ ਹਨ। ਮਾਮਲੇ ‘ਚ ਪੁਲਸ ਨੇ ਦਖਲ ਦਿੱਤਾ ਹੈ ਤੇ ਉਹ ਅਗਲੇ ਹੁਕਮਾਂ ਤੱਕ ਘਰ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ ਗਿਆ ਸੀ। ਇਹ ਕਦਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਹੈ।
ਇਸ ਬਾਰੇ ਸੋਰੇਨ ਨੇ ਕਿਹਾ, “ਜਦੋਂ ਡੀ.ਐੱਸ.ਪੀ. ਸਾਹਿਬ ਇੱਥੇ ਆਏ ਅਤੇ ਕਿਹਾ ਕਿ ਮੈਨੂੰ ਅੱਜ ਹਿੱਲਣ ਦੀ ਲੋੜ ਨਹੀਂ ਹੈ, ਭਾਵ ਮੈਨੂੰ ਘਰ ਛੱਡਣ ਦੀ ਲੋੜ ਨਹੀਂ ਹੈ, ਤਾਂ ਮੈਂ ਸਮਝ ਗਿਆ ਕਿ ਉਹ ਮੈਨੂੰ ਕਿਤੇ ਵੀ ਨਹੀਂ ਜਾਣ ਦੇਣਗੇ। ਇਸ ਲਈ ਮੈਂ ਕਿਹਾ ਕਿ ਇਹ ਠੀਕ ਹੈ। ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਫੈਸਲਾ ਲਿਆ ਹੈ ਤਾਂ ਅਸੀਂ ਇਸ ਦੀ ਉਲੰਘਣਾ ਨਹੀਂ ਕਰਾਂਗੇ।

