ਚੰਡੀਗੜ੍ਹ, 26 ਅਗਸਤ 2025 – ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟਾਂ ਦਾ ਜਨਰਲ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਇਜਲਾਸ ਵਿੱਚ ਜਿੱਥੇ ਪੰਜਾਬ ਭਰ ਤੋਂ ਸਟੇਟ ਡੈਲੀਗੇਟਸ ਸ਼ਾਮਲ ਹੋਣਗੇ, ਉੱਥੇ ਹੀ ਦੂਜੇ ਸੂਬਿਆਂ ਤੋਂ ਬਣੇ ਡੈਲੀਗੇਟ ਵੀ ਹਿੱਸਾ ਲੈਣਗੇ।
ਇੱਥੇ ਵਰਨਣਯੋਗ ਹੈ ਕਿ ਇਸੇ ਮਹੀਨੇ ਦੀ 11 ਸਤੰਬਰ ਨੂੰ ਬੁਲਾਏ ਗਏ ਜਨਰਲ ਇਜਲਾਸ ਵਿੱਚ ਪੰਥਕ ਕੌਂਸਲ ਦੇ ਚੇਅਰਪਰਸਨ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ ਸੀ। ਇਜਲਾਸ ਦੀ ਕਾਰਵਾਈ ਦੌਰਾਨ ਪਾਰਟੀ ਦੇ ਜੱਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੇ ਗਏ ਸਨ ਪਰ ਪਾਰਟੀ ਪ੍ਰਧਾਨ ਚਾਹੁੰਦੇ ਹਨ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਵਰਕਿੰਗ ਕਮੇਟੀ ਦੀ ਚੋਣ ਅਤੇ ਕੁਝ ਹੋਰ ਅਹਿਮ ਫੈਸਲੇ ਜਨਰਲ ਸਟੇਟ ਡੈਲੀਗੇਟ ਇਜਲਾਸ ‘ਚ ਹੀ ਲਏ ਜਾਣ, ਇਸ ਕਰਕੇ ਸੂਬੇ ਭਰ ਤੋਂ ਪਾਰਟੀ ਲਈ ਘਰ-ਘਰ ਜਾ ਕੇ ਮੈਂਬਰਸ਼ਿਪ ਭਰਨ ਵਾਲੇ ਸਮੁੱਚੇ ਡੈਲੀਗੇਟਸ ਦੀ ਰਾਇ ਸ਼ੁਮਾਰੀ ਜਾਨਣ ਲਈ 6 ਸਤੰਬਰ ਨੂੰ ਸਟੇਟ ਜਨਰਲ ਡੈਲੀਗੇਟਸ ਇਜਲਾਸ ਬੁਲਾਇਆ ਜਾ ਰਿਹਾ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਅੰਦਰ ਲੋਕਤੰਤਰਿਕ ਪ੍ਰਕਿਰਿਆ ਅਤੇ ਸਿਧਾਤਾਂ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

