ਚੰਡੀਗੜ੍ਹ, 26 ਅਗਸਤ 2025 – 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿਚ ਏਕਤਾ ਦਾ ਮਾਹੌਲ ਬਣਾਉਣ ਲਈ ਹਾਈਕਮਾਨ ਦੀ ਐਂਟਰੀ ਹੋ ਗਈ ਹੈ, ਜਿਸ ਤਹਿਤ ਪੰਜਾਬ ਵਿਚ ਉਲਝੇ ਕਾਂਗਰਸ ਦੇ ਵੱਡੇ ਆਗੂਆਂ ਦੀ ਦਿੱਲੀ ਪਹੁੰਚਣ ਤੋਂ ਬਾਅਦ ਜੱਫੀ ਪੈ ਗਈ। ਇਸ ਸਬੰਧ ਵਿਚ ਪੰਜਾਬ ਕਾਂਗਰਸ ਦੇ ਮੁਖੀ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਫੋਟੋ ਸ਼ੇਅਰ ਕੀਤੀ ਗਈ ਹੈ, ਜੋ ਲੰਬੇ ਸਮੇਂ ਤੋਂ ਪੰਜਾਬ ਵਿਚ ਚੱਲ ਰਹੀ ਸੰਵਿਧਾਨ ਬਚਾਓ ਰੈਲੀ ਵਿਚ ਇਕੱਠੇ ਹਿੱਸਾ ਲੈਣ ਦੀ ਬਜਾਏ ਇਕ-ਦੂਜੇ ਵਿਰੁੱਧ ਸਰਗਰਮੀਆਂ ਵਿਚ ਸ਼ਾਮਲ ਰਹੇ ਹਨ।
ਇਸ ਫੋਟੋ ਵਿਚ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਸੂਬਾ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਪ੍ਰਗਟ ਸਿੰਘ ਵੀ ਦਿਖਾਈ ਦੇ ਰਹੇ ਹਨ। ਇਹ ਫੋਟੋ ਰਾਹੁਲ ਗਾਂਧੀ ਅਤੇ ਮਲਿੱਕਾਰਜੁਨ ਖੜਗੇ ਵੱਲੋਂ ਸੰਗਠਨ ਸਰਜਨ ਅਭਿਆਨ ਤਹਿਤ ਦਿੱਲੀ ਵਿਚ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੀ ਗਈ ਹੈ।

