ਚੰਡੀਗੜ੍ਹ, 26 ਅਗਸਤ 2025 – ਪੰਜਾਬ ‘ਚ ਹੜ੍ਹਾਂ ਦੀ ਤਬਾਹੀ ਵਿਚਾਲੇ ਅਕਾਲੀ ਦਲ ਨੇ ਵੱਡਾ ਫ਼ੈਸਲਾ ਲਿਆ ਹੈ। ਅਕਾਲੀ ਦਲ ਵਲੋਂ ਮੋਗਾ ਵਿਖੇ 31 ਅਗਸਤ ਨੂੰ ਹੋਣ ਵਾਲੀ ਫਤਿਹ ਰੈਲੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਜੋ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮਦਦ ਕਰ ਸਕਣ। ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਪਾਉਂਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ‘ਚ ਆਏ ਹੜ੍ਹ ਦੇ ਹਾਲਾਤ ਨੂੰ ਦੇਖਦੇ ਹੋਏ ਪੰਜਾਬੀਆਂ ਦੀ ਹਰ ਤਰੀਕੇ ਨਾਲ ਮਦਦ ਕਰਨ। ਇਸ ਔਖੀ ਘੜੀ ‘ਚ ਏਕਤਾ ਨਾਲ ਇਕ-ਦੂਜੇ ਦਾ ਸਾਥ ਦੇਣ।
ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਹੜ੍ਹਾਂ ਦੀ ਸਥਿਤੀ ਬਹੁਤ ਖ਼ਰਾਬ ਹੋ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਫਾਜ਼ਿਲਕਾ ਅਤੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਹੈ ਅਤੇ ਅੱਜ ਤਰਨਤਾਰਨ ਜਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਹੁਣ ਹੁਸ਼ਿਆਰਪੁਰ ਦੇ ਵੀ ਕਈ ਪਿੰਡਾਂ ‘ਚ ਪਾਣੀ ਆ ਗਿਆ ਹੈ।
ਉਨ੍ਹਾਂ ਨੇ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਆਪਣੇ ਸਾਰੇ ਕੰਮ ਛੱਡ ਕੇ ਹੜ੍ਹ ਪੀੜਤ ਪਿੰਡਾਂ ‘ਚ ਜਾ ਕੇ ਲੋਕਾਂ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਮੇਨ ਪਾਵਰ, ਡੀਜ਼ਲ, ਰਾਸ਼ਨ, ਟਰੈਕਟਰ ਅਤੇ ਜੇ. ਸੀ. ਬੀ. ਆਦਿ ਦੀ ਲੋੜ ਹੈ ਤਾਂ ਉੱਥੇ ਜਾ ਕੇ ਵਰਕਰ ਮਦਦ ਕਰਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਸਾਰੇ ਪਿੰਡਾਂ ਅਤੇ ਹੜ੍ਹ ਪੀੜਤ ਇਲਾਕਿਆਂ ‘ਚ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ।

