ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਰੇ ਅਫਸਰਾਂ/ਕਰਮਚਾਰੀਆਂ ਦੀਆਂ ਸਭ ਛੁੱਟੀਆਂ ਰੱਦ

  • ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 24×7 ਜ਼ਮੀਨੀ ਪੱਧਰ ਉਤੇ ਡਟਣ ਦੇ ਆਦੇਸ਼
  • ਬਰਿੰਦਰ ਕੁਮਾਰ ਗੋਇਲ ਅਤੇ ਲਾਲ ਚੰਦ ਕਟਾਰੂਚੱਕ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲੇ
  • ਐਨ.ਡੀ.ਆਰ.ਐਫ. ਅਤੇ ਫੌਜ ਦੇ ਜਵਾਨਾਂ ਨੇ ਜ਼ਿਲ੍ਹਾ ਗੁਰਦਾਸਪੁਰ ‘ਚ ਕਰੀਬ 70 ਵਿਅਕਤੀ ਸੁਰੱਖਿਅਤ ਕੱਢੇ: ਬਰਿੰਦਰ ਕੁਮਾਰ ਗੋਇਲ
  • ਪ੍ਰਭਾਵਿਤ ਲੋਕਾਂ ਨੂੰ ਕੱਢਣ ਲਈ ਕਾਰਜ ਜੰਗੀ ਪੱਧਰ ‘ਤੇ ਜਾਰੀ
  • ਕਿਹਾ, ਪਾਣੀ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ
  • “ਲੋਕਾਂ ਦੀ ਜਾਨ-ਮਾਲ ਦੀ ਰਾਖੀ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ”

ਚੰਡੀਗੜ੍ਹ/ਪਠਾਨਕੋਟ/ਗੁਰਦਾਸਪੁਰ, 27 ਅਗਸਤ 2025 – ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ ਰੱਖਣ ਲਈ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ 24×7 ਜ਼ਮੀਨੀ ਪੱਧਰ ਉਤੇ ਡਟਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਮੂਹ ਅਫਸਰਾਂ/ਕਰਮਚਾਰੀਆਂ ਦੀਆਂ ਸਭ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਖੁਲਾਸਾ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮੌਕੇ ਕੀਤਾ ਗਿਆ। ਮੰਤਰੀਆਂ ਵੱਲੋਂ ਪਠਾਨਕੋਟ ਤੇ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ।

ਦੱਸ ਦੇਈਏ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਉਪਰ ਤੱਕ ਭਰ ਚੁੱਕੇ ਰਣਜੀਤ ਸਾਗਰ ਡੈਮ ਵਿੱਚੋਂ ਪਾਣੀ ਛੱਡਣ ਕਾਰਨ ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਤੋਂ ਇਲਾਵਾ ਉੱਝ ਅਤੇ ਜਲਾਲੀਆ ਨਾਲਿਆਂ ਦਾ ਪਾਣੀ ਵੀ ਊਫਾਨ ‘ਤੇ ਹੈ ਜਿਸ ਕਾਰਨ ਨਰੋਟ ਜੈਮਲ ਸਿੰਘ ਅਤੇ ਬਮਿਆਲ ਬਲਾਕ ਦੇ ਜ਼ਿਆਦਾਤਰ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਕੈਬਨਿਟ ਮੰਤਰੀਆਂ ਨੇ ਪਠਾਨਕੋਟ ਦੇ ਇਨ੍ਹਾਂ ਖੇਤਰਾਂ ਅੰਦਰ ਪਹੁੰਚ ਕੇ ਜਾਇਜ਼ਾ ਲਿਆ।

ਇਸ ਦੌਰਾਨ ਗੋਇਲ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਡੈਮਾਂ ਅੰਦਰ ਪਾਣੀ ਦਾ ਪੱਧਰ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਅੰਦਰ ਇਸ ਸਮੇਂ 527 ਮੀਟਰ ਤੋਂ ਜ਼ਿਆਦਾ ਪਾਣੀ ਦਾ ਪੱਧਰ ਹੈ। ਉਨ੍ਹਾਂ ਦੱਸਿਆ ਕਿ ਉਪਰਲੇ ਇਲਾਕਿਆਂ ਵਿੱਚ ਪੈ ਰਹੀ ਤੇਜ਼ ਬਾਰਿਸ਼ ਕਾਰਨ ਅੱਜ ਰਣਜੀਤ ਸਾਗਰ ਡੈਮ ਤੋਂ ਕਰੀਬ ਇੱਕ ਲੱਖ ਦਸ ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਰਕੇ ਪਿੰਡ ਮਾਖਣਪੁਰ, ਪੋਲਾ, ਤਾਸ ਅਤੇ ਬਹਾਦਰਪੁਰ ਆਦਿ ਵਿਖੇ ਰਾਵੀ ਕੰਢਿਆਂ ਦੇ ਬਰਾਬਰ ਚਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ ਪਿੰਡ ਤਾਸ ਵਿਖੇ ਇੱਕ ਪਰਿਵਾਰ ਦੇ 7 ਮੈਂਬਰ ਪਾਣੀ ਵਿੱਚ ਘਿਰੇ ਹੋਏ ਹਨ, ਜਿਨ੍ਹਾਂ ਦੇ ਬਚਾਅ ਲਈ ਕਾਰਵਾਈ ਜੰਗੀ ਪੱਧਰ ‘ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਤਾਰਾਗੜ੍ਹ ਅਤੇ ਨਰੋਟ ਜੈਮਲ ਸਿੰਘ ਦੇ ਸਕੂਲਾਂ ਅੰਦਰ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪਠਾਨਕੋਟ ਦੇ ਵਿਚ ਕੀੜੀ ਖੁਰਦ, ਕਥਲੌਰ, ਤਾਰਾਗੜ੍ਹ, ਨਰੋਟ ਜੈਮਲ ਸਿੰਘ, ਖੜਖੜਾ ਠੂਠੋਵਾਲ, ਖੋਜਕੀ ਚੱਕ, ਬਮਿਆਲ, ਨੰਗਲ, ਪਠਾਨਕੋਟ, ਬਨੀ ਲੋਧੀ ਅਤੇ ਫਿਰੋਜਪੁਰ ਕਲਾਂ ਵਿਖੇ ਬਚਾਅ ਸੈਂਟਰ ਸਥਾਪਿਤ ਕੀਤੇ ਗਏ ਹਨ।

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਇਸ ਸਮੇਂ ਸਰਕਾਰ ਦੀ ਪਹਿਲ ਜਾਨ-ਮਾਲ ਦੀ ਰਾਖੀ, ਨੁਕਸਾਨ ਨੂੰ ਘੱਟ ਕਰਨਾ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਣ ਲਈ ਹੈਲੀਕਾਪਟਰ ਦੀ ਸਹਾਇਤਾ ਵੀ ਲਈ ਜਾ ਰਹੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਝੂਠੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਨਦੀਆਂ-ਨਾਲਿਆਂ ਦੇ ਕਿਨਾਰਿਆਂ ‘ਤੇ ਜਾਣ ਤੋਂ ਬਚਿਆ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਹੀ ਸੂਬੇ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਹੋਏ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਜੰਗੀ ਪੱਧਰ ‘ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪਾਣੀ ਦੀ ਮਾਰ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ।

ਗੁਰਦਾਸਪੁਰ: ਇਸ ਪਿੱਛੋਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਰਾਵੀ ਦਰਿਆ ਕੰਢੇ ਵਸੇ ਪਿੰਡਾਂ ਦਾ ਦੌਰਾ ਕੀਤਾ। ਪਿੰਡ ਬਾਹਮਣੀ ਤੋਂ ਢਾਈ ਕਿਲੋਮੀਟਰ ਦੂਰ ਪਿੰਡ ਝਬਕਰਾ ਵਿਖੇ ਉਹ ਟਰੈਕਟਰ ‘ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਥੇ ਉਨ੍ਹਾਂ ਲੋਕਾਂ ਨੂੰ ਰਾਸ਼ਨ ਵੀ ਵੰਡਿਆ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਾਰੇ ਡੈਮ ਭਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਸਾਗਰ ਡੈਮ ਅਤੇ ਉੱਝ ਦਰਿਆ ਵਿੱਚੋਂ ਆ ਰਹੇ ਪਾਣੀ ਨਾਲ ਕਈ ਥਾਵਾਂ ਤੋਂ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਦੀਨਾਨਗਰ ਤਹਿਸੀਲ ਦੇ ਰਾਵੀ ਦਰਿਆ ਨਾਲ ਲੱਗਦੇ ਕਰੀਬ 15 ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ, ਜਿੱਥੇ ਸਵੇਰ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਬੀ.ਐਸ.ਐਫ., ਭਾਰਤੀ ਫ਼ੌਜ ਐਸ.ਡੀ.ਆਰ.ਐਫ਼. ਅਤੇ ਐਨ.ਡੀ.ਆਰ.ਐੱਫ਼ ਦੀਆਂ ਟੀਮਾਂ ਨਾਲ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਪਿੰਡ ਜੱਗੋਚੱਕ ਟਾਂਡਾ ਤੋਂ 70 ਦੇ ਕਰੀਬ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਮਕੌੜਾ ਪੱਤਣ ਦੇ ਰਾਵੀ ਦਰਿਆ ਤੋਂ ਪਾਰ ਪਿੰਡਾਂ ਦੇ ਵਸਨੀਕਾਂ ਨਾਲ ਵੀ ਸਰਕਾਰ ਦਾ ਸੰਪਰਕ ਕਾਇਮ ਹੈ ਅਤੇ ਉਨ੍ਹਾਂ ਨੂੰ ਵੀ ਹਰ ਸੰਭਵ ਸਹਾਇਤਾ ਪਹੁੰਚਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਾਵੀ ਦਰਿਆ ਦੀ ਮਾਰ ਵਿੱਚ ਆਏ ਪਿੰਡਾਂ ਦੇ ਵਸਨੀਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਮਰਾੜਾ, ਬਾਹਮਣੀ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗਾਹਲੜੀ ਅਤੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ ਜਿੱਥੇ ਲੋਕਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਪਹਾੜਾਂ ਵਿੱਚੋਂ ਹੋਰ ਪਾਣੀ ਆ ਰਿਹਾ ਹੈ ਜਿਸ ਕਾਰਨ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ। ਉਨ੍ਹਾਂ ਦਰਿਆਵਾਂ ਕੰਢੇ ਰਹਿੰਦੀ ਆਬਾਦੀ ਨੂੰ ਚੌਕਸ ਕੀਤਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਵਿਸ਼ੇਸ਼ ਚੌਕਸੀ ਰੱਖਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਮਿਲਿਆ ਬੱਚੇ ਦਾ ਸਿਰ: ਸਿਹਤ ਮੰਤਰੀ ਵੱਲੋਂ ਜਾਂਚ ਦੇ ਹੁਕਮ

ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਜ਼ਮੀਨ ਖਿਸਕਣ ਨਾਲ ਹੁਣ ਤੱਕ 31 ਮੌਤਾਂ, ਅੱਜ ਫਿਰ ਮੀਂਹ ਲਈ ਰੈੱਡ ਅਲਰਟ ਜਾਰੀ