ਚੰਡੀਗੜ੍ਹ, 27 ਅਗਸਤ 2025 – ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ‘ਤੇ ਕਈ ਗਾਇਕਾਂ, ਆਗੂਆਂ ਅਤੇ ਲੋਕਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਦੁੱਖ ਦੀ ਘੜੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਜਸਵਿੰਦਰ ਭੱਲਾ ਦੀ ਪਤਨੀ ਪਰਮਦੀਪ ਕੌਰ ਭੱਲਾ ਨੂੰ ਇਕ ਪੱਤਰ ਲਿੱਖਿਆ ਹੈ, ਜਿਸ ਵਿਚ ਉਹਨਾਂ ਨੇ ਕਿਹਾ, ”ਮੈਨੂੰ ਜਸਵਿੰਦਰ ਭੱਲਾ ਜੀ ਦੇ ਦੇਹਾਂਤ ਦੀ ਖ਼ਬਰ ਬਹੁਤ ਦੁੱਖ ਅਤੇ ਦਰਦ ਨਾਲ ਮਿਲੀ। ਉਨ੍ਹਾਂ ਦਾ ਦੇਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਸ਼੍ਰੀ ਜਸਵਿੰਦਰ ਭੱਲਾ ਜੀ ਨੂੰ ਉਨ੍ਹਾਂ ਦੇ ਹਾਸਰਸ ਸ਼ੈਲੀ ਲਈ ਵਿਆਪਕ ਤੌਰ ‘ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਦੇ ਜੀਵਨ ਵਿੱਚ ਮੁਸਕਰਾਹਟ ਅਤੇ ਖੁਸ਼ੀਆਂ ਲਿਆਂਦੀਆਂ।”
ਦੱਸ ਦੇਈਏ ਕਿ ਇਸ ਪੱਤਰ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਮਰਹੂਮ ਜਸਵਿੰਦਰ ਭੱਲਾ ਪਿਛਲੇ ਕਈ ਦਿਨਾਂ ਤੋਂ ਬੇਹੱਦ ਬੀਮਾਰ ਸਨ, ਜਿਸ ਕਾਰਨ ਉਹਨਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਹਾਲਾਤ ਖ਼ਰਾਬ ਹੋਣ ਕਾਰਨ ਉਹਨਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਨੇ 65 ਸਾਲ ਦੀ ਉਮਰ ‘ਚ ਆਖਿਰੀ ਸਾਹ ਲਏ।

