- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮ ਕਰਵਾਏ ਜਾ ਰਹੇ: ਚੰਨੀ
ਚੰਡੀਗੜ੍ਹ, 11 ਫਰਵਰੀ 2021 – ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿਦਿਆਰਥੀ ਸੰਗੀਤ ਸਮਾਗਮ ’ਮਨੱੁਖਤਾ ਦਾ ਰਹਿਬਰ ਗੁਰੂ ਤੇਗ ਬਹਾਦਰ’ ਕਰਵਾਇਆ ਗਿਆ।ਇਹ ਸਮਾਗਮ ਯੁਵਕ ਭਲਾਈ ਵਿਭਾਗ, ਪੰਜਾਬ ਯੂਨੀਵਰਸਿਟੀ ਵੱਲੋਂ ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਵਿਖੇ ਕਰਵਾਇਆ ਗਿਆ।
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ’ਹਿੰਦ ਦੀ ਚਾਦਰ’ ਵਿਸ਼ੇ ਹੇਠ ਪ੍ਰੋਗਰਾਮਾਂ ਦੀ ਲੜੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪਿਆਰ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਨਿਰਸਵਾਰਥ ਬਲੀਦਾਨ ਦੀਆਂ ਸਦੀਵੀਂ ਸਿੱਖਿਆਵਾਂ ਦੇ ਪਾਸਾਰ ਲਈ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਜ਼ਿੰਮਾ ਵੱਖ-ਵੱਖ ਵਿਭਾਗਾਂ, ਯੂਨੀਵਰਸਿਟੀਆਂ, ਪੰਜਾਬ ਕਲਾ ਪ੍ਰੀਸ਼ਦ, ਸੰਗੀਤ ਨਾਟਕ ਅਕਾਦਮੀ ਅਤੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਨੂੰ ਸੌਂਪਿਆ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ 1 ਫਰਵਰੀ ਤੋਂ ਹੋਈ ਸੀ ਅਤੇ 26 ਫਰਵਰੀ ਤੱਕ ਜਾਰੀ ਰਹਿਣਗੇ। ਸ਼ਡਿਊਲ ਅਨੁਸਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1 ਅਤੇ 2 ਫਰਵਰੀ ਨੂੰ ਦੋ ਵੈਬੀਨਾਰ ਪਹਿਲਾਂ ਹੀ ਕਰਵਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 1 ਤੋਂ 9 ਫਰਵਰੀ ਤੱਕ ਭਾਸ਼ਣ ਮੁਕਾਬਲੇ ਕਰਵਾਏ ਗਏ।
ਚੰਨੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਆਨਲਾਈਨ ਪ੍ਰੋਗਰਾਮ, ਵੈਬੀਨਾਰ, ਨਾਟਕ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ 12 ਫਰਵਰੀ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਭਾਰਤੀ ਕਵਿਤਾ ਉਤਸਵ, 14 ਫਰਵਰੀ ਨੂੰ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਸੂਰਜ ਦਾ ਕਤਲ ਨਾਟਕ, 17 ਫਰਵਰੀ ਨੂੰ ਫਾਈਨ ਆਰਟਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੇਂਟਿੰਗ ਮੁਕਾਬਲਾ ਅਤੇ ਪ੍ਰਦਰਸ਼ਨੀ, 17 ਫਰਵਰੀ ਨੂੰ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਵਲੋਂ ਸ਼ਬਦ ਗਾਇਨ, 18 ਫਰਵਰੀ ਨੂੰ ਡਾਂਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਵੈਬੀਨਾਰ: ਮਿ੍ਰਦੰਗ ਅਤੇ ਪਖਵਾਜ ’ਤੇ ਸੰਗੀਤ ਸੰਮੇਲਨ, 19 ਫਰਵਰੀ ਨੂੰ ਪੰਜਾਬ ਕਲਾ ਪ੍ਰੀਸ਼ਦ ਵਲੋਂ ਵਿਦਿਆਰਥੀ ਕਵਿਤਾ ਉਤਸਵ, 20 ਫਰਵਰੀ ਨੂੰ ਹਿਸਟਰੀ ਅਤੇ ਸੈਂਟਰ ਫਾਰ ਸਟੱਡੀਜ਼ ਆਨ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਲੋਂ ਆਨਲਾਈਨ ਲੈਕਚਰ ਅਤੇ 26 ਫਰਵਰੀ ਨੂੰ ਪੰਜਾਬ ਇਤਿਹਾਸਕ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ: ਜੀਵਨ ਅਤੇ ਮਹਾਨ ਵਿਰਾਸਤ ’ਤੇ ਵੈਬੀਨਾਰ ਸ਼ਾਮਲ ਹਨ।
ਅੱਜ ਕਰਵਾਏ ਗਏ ਆਨਲਾਈਨ ਵਿਦਿਆਰਥੀ ਸੰਗੀਤ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਯੁਵਕ ਭਲਾਈ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਸ੍ਰੀ ਨਿਰਮਲ ਜੌੜਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸਬੰਧਤ 12 ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਭਾਗ ਲਿਆ। ਇਸ ਤੋਂ ਇਲਾਵਾ ਇਸ ਆਨਲਾਈਨ ਪ੍ਰੋਗਰਾਮ ਦੌਰਾਨ ਡਾ. ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ ਸਿੱਖਿਆ, ਐਸ.ਜੀ.ਪੀ.ਸੀ., ਡਾ. ਵਿਵੇਕ ਰੰਜਨ ਸਿਨਹਾ, ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼, ਪੰਜਾਬ ਯੂਨੀਵਰਸਿਟੀ ਅਤੇ ਡਾ. ਸੰਜੇ ਕੌਸ਼ਿਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।