ਸ੍ਰੀ ਕਰਤਾਰਪੁਰ ਸਾਹਿਬ, 30 ਅਗਸਤ 2025 – ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਨਾਰੋਵਾਲ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸ਼੍ਰੀ ਕਰਤਾਰਪੁਰ ਸਾਹਿਬ ਕੁਝ ਦਿਨ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਅਤੇ ਇੱਥੇ ਪਾਣੀ ਦਾ ਪੱਧਰ 10 ਫੁੱਟ ਤੱਕ ਵੱਧ ਗਿਆ ਸੀ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਮੁੱਖ ਇਮਾਰਤ, ਲੰਗਰ ਘਰ, ਜੋੜਾ ਘਰ ਅਤੇ ਪ੍ਰਦਰਸ਼ਨੀ ਹਾਲ ਆਦਿ ਵੀ ਪਾਣੀ ਨਾਲ ਭਰ ਗਏ ਸਨ।
ਜਿਸ ਤੋਂ ਬਾਅਦ ਬੀਤੇ ਕੱਲ੍ਹ, ਸਥਾਨਕ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਸਫਾਈ ਦਾ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਸ਼ਾਮ ਤੱਕ, ਪੂਰੇ ਸ਼੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚੋਂ ਪਾਣੀ ਕੱਢ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪੂਰੇ ਗੁਰੂ ਘਰ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਇੱਥੋਂ ਪਾਣੀ ਬਾਹਰ ਕੱਢਿਆ ਗਿਆ।
ਦੱਸ ਦਈਏ ਕਿ ਹੜ੍ਹ ਤੋਂ ਬਾਅਦ ਗੁਰਦੁਆਰਾ ਸਾਹਿਬ ‘ਚ ਫਸੇ ਸ਼ਰਧਾਲੂਆਂ, ਸਟਾਫ਼ ਅਤੇ ਨਿਵਾਸੀਆਂ ਨੂੰ ਪਾਕਿਸਤਾਨੀ ਫੌਜ ਨੇ ਕੱਢਣ ਲਈ ਕਿਸ਼ਤੀਆਂ ਦੀ ਵਰਤੋਂ ਬਾਹਰ ਕੱਢਿਆ ਸੀ। ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨੂੰ ਗੁਰਦੁਆਰੇ ਦੀ ਦੂਜੀ ਮੰਜ਼ਿਲ ‘ਤੇ ਸੁਰੱਖਿਅਤ ਰੱਖਿਆ ਗਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਦੇ ਚੇਅਰਮੈਨ ਰਮੇਸ਼ ਸਿੰਘ ਅਰੋੜਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਭਾਰੀ ਹੜ੍ਹਾਂ ਦੇ ਬਾਵਜੂਦ, ਕਰਤਾਰਪੁਰ ਸਾਹਿਬ ਵਿਖੇ ਮੌਜੂਦ ਇਤਿਹਾਸਕ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਸਾਰੀਆਂ ਪਵਿੱਤਰ ਵਸਤੂਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਹੜ੍ਹ ਨੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਰਤਾਰਪੁਰ ਸਾਹਿਬ-ਨਾਰੋਵਾਲ ਸੜਕ ’ਤੇ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ ਹੈ ਅਤੇ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਹੈ।
