ਚੰਡੀਗੜ੍ਹ, 31 ਅਗਸਤ 2025 – ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਰਸਾਤ ਕਾਰਨ ਸੂਬੇ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ, ਜਿਸ ਕਾਰਨ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਫਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਰਾਜ ਪੱਧਰ ਦੇ ਖੇਡ ਸਮਾਗਮ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਨੂੰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਾਲੀਆ ਦਿਨਾਂ ਦੌਰਾਨ ਆਏ ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਸਥਿਤੀ ਬਣੀ ਹੋਈ ਹੈ। ਇਸ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸਹੂਲਤ ਨੂੰ ਪਹਿਲ ਦੇਣ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਮੁਕਾਬਲਿਆਂ ਦੇ ਤਹਿਤ ਬਲਾਕ ਪੱਧਰ ਦੇ ਖੇਡ ਪ੍ਰੋਗਰਾਮ 3 ਸਤੰਬਰ ਤੋਂ ਸ਼ੁਰੂ ਹੋਣੇ ਸਨ, ਪਰ ਹੁਣ ਇਹ ਤਾਰੀਖ਼ ਅਗਲੇ ਆਦੇਸ਼ ਤੱਕ ਲਈ ਟਾਲ ਦਿੱਤੀ ਗਈ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨਵੀਆਂ ਤਾਰੀਖਾਂ ਜਲਦ ਹੀ ਘੋਸ਼ਿਤ ਕੀਤੀਆਂ ਜਾਣਗੀਆਂ। ਸਰਕਾਰੀ ਬਿਆਨ ਅਨੁਸਾਰ, “ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਇਸ ਸਮੇਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਅਤੇ ਉਨ੍ਹਾਂ ਤੱਕ ਹਰ ਸੰਭਵ ਸਹੂਲਤ ਪਹੁੰਚਾਉਣੀ ਹੈ। ਜਿਵੇਂ ਹੀ ਹਾਲਾਤ ਸੁਧਰਦੇ ਹਨ, ਖੇਡਾਂ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਹਾਲਾਤ ਠੀਕ ਹੋਣ ‘ਤੇ ਕੀਤਾ ਜਾਵੇਗਾ।

