- ਅਭੈ ਚੌਟਾਲਾ ਦੇ ਫਾਰਮ ਹਾਊਸ ਵਿੱਚ ਰਹਿਣਗੇ
- ਵਿਰੋਧੀ ਧਿਰ ਨੇ ਘਰ ਵਿੱਚ ਨਜ਼ਰਬੰਦੀ ਦਾ ਲਗਾਇਆ ਸੀ ਦੋਸ਼
ਨਵੀਂ ਦਿੱਲੀ ——— ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਹੁਣ ਦੱਖਣੀ ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਸਥਿਤ ਅਭੈ ਚੌਟਾਲਾ ਦੇ ਫਾਰਮ ਹਾਊਸ ਵਿੱਚ ਰਹਿਣਗੇ। ਸੋਮਵਾਰ ਸ਼ਾਮ 6 ਵਜੇ, ਉਹ ਆਪਣੇ ਅਸਤੀਫ਼ੇ ਤੋਂ 42 ਦਿਨ ਬਾਅਦ ਉਪ ਰਾਸ਼ਟਰਪਤੀ ਆਵਾਸ ਤੋਂ ਚਲੇ ਗਏ ਸਨ। ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਅਭੈ ਚੌਟਾਲਾ ਨੇ ਮੀਡੀਆ ਨੂੰ ਜਾਣਕਰੀ ਦਿੰਦਿਆਂ ਦੱਸਿਆ ਕਿ ਸਾਡੇ ਪਰਿਵਾਰ ਦੇ ਧਨਖੜ ਜੀ ਨਾਲ ਪੁਰਾਣੇ ਸਬੰਧ ਹਨ। ਅਸੀਂ ਉਨ੍ਹਾਂ ਨੂੰ ਸਾਡੇ ਘਰ ਵਿੱਚ ਰਹਿਣ ਦੀ ਅਪੀਲ ਕੀਤੀ, ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।
ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ 21 ਜੁਲਾਈ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਉਹ ਜਨਤਕ ਤੌਰ ‘ਤੇ ਕਿਤੇ ਵੀ ਨਹੀਂ ਦੇਖੇ ਗਏ। ਇਸ ਸਮੇਂ ਦੌਰਾਨ ਵਿਰੋਧੀ ਧਿਰ ਨੇ ਘਰ ਵਿੱਚ ਨਜ਼ਰਬੰਦੀ ਵਰਗੇ ਕਈ ਦੋਸ਼ ਲਗਾਏ। ਹਾਲਾਂਕਿ, ਸਰਕਾਰ ਨੇ ਇਨ੍ਹਾਂ ਤੋਂ ਇਨਕਾਰ ਕੀਤਾ। ਧਨਖੜ ਹੁਣ ਤੱਕ ਸੰਸਦ ਭਵਨ ਦੇ ਨੇੜੇ ਉਪ ਰਾਸ਼ਟਰਪਤੀ ਦੇ ਐਨਕਲੇਵ ਵਿੱਚ ਰਹਿ ਰਹੇ ਸਨ। ਉਨ੍ਹਾਂ ਦਾ ਕਾਰਜਕਾਲ 10 ਅਗਸਤ, 2027 ਤੱਕ ਸੀ।
ਧਨਖੜ ਅਭੈ ਚੌਟਾਲਾ ਦੇ ਫਾਰਮ ਹਾਊਸ ਵਿੱਚ ਰਹਿਣਗੇ ਜਦੋਂ ਤੱਕ ਉਨ੍ਹਾਂ ਨੂੰ ਟਾਈਪ-8 ਸਰਕਾਰੀ ਬੰਗਲਾ ਅਲਾਟ ਨਹੀਂ ਹੋ ਜਾਂਦਾ, ਜਿਸ ਦੇ ਉਹ ਸਾਬਕਾ ਉਪ ਰਾਸ਼ਟਰਪਤੀ ਹੋਣ ਦੇ ਨਾਤੇ ਹੱਕਦਾਰ ਹਨ। ਧਨਖੜ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ, ਟੇਬਲ ਟੈਨਿਸ ਖੇਡ ਰਹੇ ਹਨ ਅਤੇ ਯੋਗਾ ਅਭਿਆਸ ਕਰ ਰਹੇ ਹਨ।

ਨਵੇਂ ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਣੀ ਹੈ। ਇਸ ਵਿੱਚ ਐਨਡੀਏ ਦੇ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਵਿਰੋਧੀ ਧਿਰ ਦੇ ਉਮੀਦਵਾਰ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈਡੀ ਦੇ ਵਿਰੁੱਧ ਚੋਣ ਲੜ ਰਹੇ ਹਨ।
ਧਨਖੜ ਅਤੇ ਚੌਟਾਲਾ ਪਰਿਵਾਰ ਦਾ ਲਗਭਗ 40 ਸਾਲਾਂ ਦਾ ਰਿਸ਼ਤਾ ਹੈ। 1989 ਵਿੱਚ, ਹਰਿਆਣਾ ਦੇ ਵੱਡੇ ਜਾਟ ਨੇਤਾ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਰਾਜਸਥਾਨ ਦੇ ਨੌਜਵਾਨ ਵਕੀਲ ਧਨਖੜ ਨੂੰ ਭਵਿੱਖ ਦਾ ਨੇਤਾ ਕਿਹਾ ਸੀ। ਧਨਖੜ ਦੇਵੀ ਲਾਲ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਹਨ।
ਉਸ ਸਮੇਂ ਦੌਰਾਨ, ਧਨਖੜ ਨੇ ਦਿੱਲੀ ਦੇ ਬੋਟ ਕਲੱਬ ਵਿੱਚ ਦੇਵੀ ਲਾਲ ਦੇ ਜਨਮਦਿਨ ‘ਤੇ ਵਿਰੋਧੀ ਧਿਰ ਦੀ ਰੈਲੀ ਵਿੱਚ ਰਾਜਸਥਾਨ ਤੋਂ 500 ਵਾਹਨ ਇਕੱਠੇ ਕੀਤੇ ਸਨ। ਇਸ ਤੋਂ ਬਾਅਦ, 1989 ਦੀਆਂ ਲੋਕ ਸਭਾ ਚੋਣਾਂ ਵਿੱਚ, ਦੇਵੀ ਲਾਲ ਨੇ ਧਨਖੜ ਨੂੰ ਝੁੰਝੁਨੂ ਸੀਟ ਤੋਂ ਟਿਕਟ ਦਿੱਤੀ। ਉਨ੍ਹਾਂ ਨੇ ਖੁਦ ਵੀ ਪ੍ਰਚਾਰ ਕੀਤਾ।
ਜਦੋਂ ਚੋਣ ਜਿੱਤਣ ਤੋਂ ਬਾਅਦ ਦੇਵੀ ਲਾਲ ਉਪ ਪ੍ਰਧਾਨ ਮੰਤਰੀ ਬਣੇ, ਤਾਂ ਧਨਖੜ ਨੂੰ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਵੀ ਮਿਲਿਆ। ਹਾਲਾਂਕਿ, ਜਦੋਂ ਵੀਪੀ ਸਿੰਘ ਨੇ ਦੇਵੀ ਲਾਲ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ, ਤਾਂ ਧਨਖੜ ਇਕਲੌਤੇ ਮੰਤਰੀ ਸਨ ਜਿਨ੍ਹਾਂ ਨੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ।
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਲਈ 30 ਅਗਸਤ ਨੂੰ ਰਾਜਸਥਾਨ ਵਿਧਾਨ ਸਭਾ ਸਕੱਤਰੇਤ ਵਿੱਚ ਦੁਬਾਰਾ ਅਰਜ਼ੀ ਦਿੱਤੀ ਹੈ। ਧਨਖੜ 1993 ਤੋਂ 1998 ਤੱਕ ਕਿਸ਼ਨਗੜ੍ਹ ਸੀਟ ਤੋਂ ਕਾਂਗਰਸ ਦੇ ਵਿਧਾਇਕ ਸਨ। ਸਾਬਕਾ ਵਿਧਾਇਕ ਹੋਣ ਦੇ ਨਾਤੇ, ਉਨ੍ਹਾਂ ਨੂੰ ਜੁਲਾਈ 2019 ਤੱਕ ਪੈਨਸ਼ਨ ਮਿਲ ਰਹੀ ਸੀ। ਜੁਲਾਈ 2019 ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਬਣਨ ਤੋਂ ਬਾਅਦ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ।
ਦੇਸ਼ ਵਿੱਚ ਸੰਸਦੀ ਲੋਕਤੰਤਰ ਦੇ 72 ਸਾਲਾਂ ਦੇ ਇਤਿਹਾਸ ਵਿੱਚ, ਧਨਖੜ ਪਹਿਲੇ ਰਾਜ ਸਭਾ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਸਨ ਜਿਨ੍ਹਾਂ ਵਿਰੁੱਧ ਦਸੰਬਰ 2024 ਵਿੱਚ ਮਹਾਂਦੋਸ਼ ਪ੍ਰਸਤਾਵ ਲਿਆਂਦਾ ਗਿਆ ਸੀ। ਜਿਸ ਨੂੰ ਬਾਅਦ ਵਿੱਚ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ।
ਵਿਰੋਧੀ ਧਿਰ ਧਨਖੜ ‘ਤੇ ਪੱਖਪਾਤ ਦਾ ਦੋਸ਼ ਲਗਾ ਰਹੀ ਸੀ। ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਉਹ ਸਿਰਫ਼ ਵਿਰੋਧੀ ਧਿਰ ਦੀ ਆਵਾਜ਼ ਅਤੇ ਉਨ੍ਹਾਂ ਦੇ ਸੰਸਦ ਮੈਂਬਰਾਂ ਦੁਆਰਾ ਉਠਾਏ ਗਏ ਸਵਾਲਾਂ ਨੂੰ ਦਬਾਉਂਦੇ ਹਨ।
