ਚੰਡੀਗੜ੍ਹ, 2 ਸਤੰਬਰ 2025 – ਪੰਜਾਬ ਵਿੱਚ ਭਿਆਨਕ ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖਦੇ ਹੋਏ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਭ ਤੋਂ ਪ੍ਰਭਾਵਿਤ 10 ਪਿੰਡ ਗੋਦ ਲੈ ਲਏ ਹਨ। ਉਹ ਐੱਨ.ਜੀ.ਓਜ਼. ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਖਾਣ-ਪੀਣ, ਪਾਣੀ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ। ਨਾਲ ਹੀ ਪੁਨਰਵਾਸ ਅਤੇ ਲੰਬੇ ਸਮੇਂ ਦੇ ਪੁਨਰ ਨਿਰਮਾਣ ਦੀ ਯੋਜਨਾ ਵੀ ਬਣਾ ਰਹੇ ਹਨ। ਇਸ ਮੁਹਿੰਮ ਬਾਰੇ ਦਿਲਜੀਤ ਦੀ ਟੀਮ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦਿਆਂ ਲਿਖਿਆ — “Together, we can rebuild.”
ਦਿਲਜੀਤ ਤੋਂ ਇਲਾਵਾ ਹੋਰ ਸਿਤਾਰੇ ਵੀ ਮਦਦ ਲਈ ਅੱਗੇ ਆ ਰਹੇ ਹਨ। ਅਦਾਕਾਰਾ ਸੋਨਮ ਬਾਜਵਾ ਨੇ ਲਿਖਿਆ ਕਿ ਉਹ ਹੜ੍ਹ ਪ੍ਰਭਾਵਿਤ ਸਾਰੇ ਲੋਕਾਂ ਦੀ ਹਰ ਸੰਭਵ ਸਹਾਇਤਾ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਭ ਨੂੰ ਅਪੀਲ ਕੀਤੀ ਕਿ ਉਹ ਵੀ ਮਦਦ ਲਈ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ “ਹਰ ਛੋਟੀ ਤੋਂ ਛੋਟੀ ਮਦਦ ਵੀ ਕਿਸੇ ਦੇ ਜੀਵਨ ਵਿੱਚ ਵੱਡਾ ਫਰਕ ਪਾ ਸਕਦੀ ਹੈ।”
ਅਦਾਕਾਰ ਸੰਜੇ ਦੱਤ ਨੇ ਵੀ X ‘ਤੇ ਲਿਖਿਆ ਕਿ ਪੰਜਾਬ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਬਹੁਤ ਹੀ ਦਿਲ ਤੋੜਨ ਵਾਲੀ ਹੈ। ਉਹਨਾਂ ਨੇ ਲੋਕਾਂ ਲਈ ਦੁਆਵਾਂ ਭੇਜਦਿਆਂ ਯਕੀਨ ਦਵਾਇਆ ਕਿ ਉਹ ਹਰ ਸੰਭਵ ਤਰੀਕੇ ਨਾਲ ਮਦਦ ਕਰਨਗੇ।

ਇਸ ਤੋਂ ਇਲਾਵਾ, ਗਾਇਕ-ਅਦਾਕਾਰ ਐਮੀ ਵਿਰਕ ਨੇ ਐਲਾਨ ਕੀਤਾ ਕਿ ਉਹ ਤੇ ਉਨ੍ਹਾਂ ਦੀ ਟੀਮ 200 ਘਰ ਗੋਦ ਲੈ ਰਹੇ ਹਨ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਛੱਤ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਛੱਤ ਨਹੀਂ, ਸਗੋਂ ਲੋਕਾਂ ਨੂੰ ਉਮੀਦ ਅਤੇ ਇੱਜ਼ਤ ਦੇ ਕੇ ਮੁੜ ਸ਼ੁਰੂਆਤ ਕਰਨ ਦੀ ਕੋਸ਼ਿਸ਼ ਹੈ।
ਪੰਜਾਬੀ ਅਦਾਕਾਰਾ-ਗਾਇਕਾ ਹਿਮਾਂਸ਼ੀ ਖੁਰਾਨਾ ਨੇ ਵੀ ਰਾਹਤ ਮੁਹਿੰਮ ਵਿੱਚ ਹਿੱਸਾ ਲੈਂਦਿਆਂ 10 ਪਰਿਵਾਰਾਂ ਦੇ ਮੁੜ ਵਸੇਬੇ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਲਿਖਿਆ ਕਿ “ਇਸ ਤਬਾਹੀ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਹੱਲ ਲੱਭਣ ਦੀ ਲੋੜ ਹੈ। ਅਸੀਂ ਪੰਜਾਬੀ ਆਪਣੇ ਪੰਜਾਬ ਦੇ ਨਾਲ ਖੜ੍ਹੇ ਹਾਂ।”
ਇਸਦੇ ਨਾਲ ਹੀ, ਪੰਜਾਬ ਰੈਵੀਨਿਊ ਅਤੇ ਡਿਜਾਸਟਰ ਮੈਨੇਜਮੈਂਟ ਮੰਤਰੀ ਐਚ. ਹਰਦੀਪ ਸਿੰਘ ਮੁੰਡਿਆਂ ਨੇ ਦੱਸਿਆ ਕਿ ਹੜ੍ਹ ਨੇ 12 ਜ਼ਿਲ੍ਹਿਆਂ ਵਿੱਚ 2.56 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਤੱਕ 15,688 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ ਅਤੇ 129 ਰਾਹਤ ਕੈਂਪਾਂ ਵਿੱਚ 7,144 ਲੋਕ ਰਹਿ ਰਹੇ ਹਨ। ਸਭ ਤੋਂ ਵੱਧ ਬੇਘਰ ਲੋਕ ਫਿਰੋਜ਼ਪੁਰ, ਫ਼ਾਜ਼ਿਲਕਾ ਅਤੇ ਗੁਰਦਾਸਪੁਰ ਤੋਂ ਹਨ।
