ਨਵੀਂ ਦਿੱਲੀ, 12 ਫਰਵਰੀ 2021 – ਮਜ਼ਦੂਰ ਆਗੂ ਨੌਦੀਪ ਕੌਰ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਨੇ ਇਕ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਹੈ। ਜਦਕਿ ਜੇਲ੍ਹ ‘ਚੋਂ ਬਾਹਰ ਆਉਣ ਲਈ ਦੋ ਹੋਰ ਕੇਸਾਂ ‘ਚੋਂ ਅਜੇ ਜ਼ਮਾਨਤ ਮਿਲਣੀ ਬਾਕੀ ਹੈ। ਇਸ ਬਾਰੇ ‘ਚ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ ਹੈ।
ਸਿਰਸਾ ਨੇ ਦੱਸਿਆ ਕਿ ਨੌਦੀਪ ਕੌਰ ਵਿਰੁੱਧ ਤਿੰਨ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ‘ਚੋਂ ਦਸੰਬਰ 2020 ਦੀ ਐਫ. ਆਈ. ਆਰ. ‘ਚ ਉਸ ਨੂੰ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ 2021 ‘ਚ ਦਰਜ ਕੀਤੀ ਗਈ ਐਫ. ਆਈ. ਆਰ. ਨੰਬਰ 26 ਦੇ ਸਬੰਧ ‘ਚ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ‘ਚ ਦਾਇਰ ਕਰ ਦਿੱਤੀ ਗਈ ਹੈ ਅਤੇ ਇਸ ਪਟੀਸ਼ਨ ‘ਤੇ ਭਲਕੇ ਅਦਾਲਤ ‘ਚ ਸੁਣਵਾਈ ਹੋਵੇਗੀ। ਸਿਰਸਾ ਨੇ ਉਮੀਦ ਜਤਾਈ ਹੈ ਕਿ ਨੌਦੀਪ ਕੌਰ ਅਗਲੇ ਹਫ਼ਤੇ ਤੱਕ ਜੇਲ੍ਹ ‘ਚੋਂ ਬਾਹਰ ਆ ਜਾਵੇਗੀ।