ਪੰਜਾਬ ਦੇ ਨੌਜਆਨ ਨਸ਼ੇੜੀ ਦਾ ਧੱਬਾ ਲਾਹ ਕੇ ਕਮਾਊ ਪੁੱਤ ਬਣਨਗੇ: ਸਿਹਤ ਮੰਤਰੀ ਡਾ. ਬਲਬੀਰ ਸਿੰਘ

  • ਨਸ਼ਾ ਛੱਡ ਕੇ ਮਿਹਨਤਾਂ ਕਰਨ ਵਾਲੇ ਨੌਜੁਆਨਾਂ ਨੂੰ ਬਣਾਇਆ ਜਾਵੇਗਾ ਪ੍ਰੇਰਨਾਸ੍ਰੋਤ
  • ਵੱਖ ਵੱਖ ਐਨ ਜੀ ਓਜ਼ ਦਾ ਨਸ਼ਾ ਮੁਕਤੀ ਕੇਂਦਰਾਂ ਦੇ ਨੌਜੁਆਨਾਂ ਨੂੰ ਮੁੜ ਵਸੇਬੇ ਲਈ ਸਕਿਲ ਟ੍ਰੇਨਿੰਗ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ
  • ਕਿਹਾ, ਯੁੱਧ ਨਸ਼ਿਆਂ ਵਿਰੁੱਧ ਵਿੱਚ ਤਸਕਰਾਂ ਖਿਲਾਫ਼ ਕਾਰਵਾਈ ਦੇ ਨਾਲ ਨਾਲ, ਪੀੜਤਾਂ ਦਾ ਇਲਾਜ ਵੀ ਮੁਫ਼ਤ
  • ਮੋਹਾਲੀ ਦੇ ਸੈਕਟਰ 66 ਸਥਿਤ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕਰ ਨਸ਼ਾ ਛੱਡਣ ਵਾਲਿਆਂ ਦਾ ਕੀਤਾ ਸਨਮਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਸਤੰਬਰ 2025 – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾ ਕੇਵਲ ਤਸਕਰਾਂ ਤੇ ਨੱਥ ਪਾਉਣ ਵਿੱਚ ਸਫਲ ਹੋਈ ਹੈ ਬਲਕਿ ਨਸ਼ਿਆਂ ਤੋਂ ਪੀੜਤ ਪੰਜਾਬ ਦੀ ਜਵਾਨੀ ਨੂੰ ਨਸ਼ਾ ਮੁਕਤੀ ਕੇਂਦਰਾਂ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਲਿਆ ਕੇ ਮੁਫਤ ਇਲਾਜ ਦੇਣ ਵਿੱਚ ਵੀ ਕਾਮਯਾਬ ਹੋ ਰਹੀ ਹੈ।

ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਚੋਂ ਸਿਹਤਯਾਬ ਹੋ ਕੇ ਅਤੇ ਨਸ਼ਿਆਂ ਨੂੰ ਨਾਂਹ ਆਖ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਆਲੇ ਦੁਆਲੇ ਅਤੇ ਸਮਾਜ ਵਿੱਚ, ਨਸ਼ਿਆਂ ਦੇ ਹਨ੍ਹੇਰੇ ਵਿੱਚ ਭਟਕੇ ਆਪਣੇ ਵਰਗੇ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਲਈ ਲਿਆ ਸਕਣ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਕੇਂਦਰ ਚਾਹੇ ਸਰਕਾਰੀ ਹੋਵੇ ਜਾਂ ਨਿਜੀ ਹੋਵੇ, ਪੰਜਾਬ ਸਰਕਾਰ ਵੱਲੋਂ ਇੱਥੇ ਆਉਣ ਵਾਲੇ ਹਰ ਨੌਜਵਾਨ ਦਾ ਇਲਾਜ ਮੁਫਤ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੇਵਲ ਨਸ਼ਾ ਮੁਕਤੀ ਦਾ ਇਲਾਜ ਹੀ ਨਹੀਂ ਦਿੱਤਾ ਜਾਂਦਾ ਬਲਕਿ ਨਸ਼ਾ ਮੁਕਤ ਹੋਣ ਬਾਅਦ ਸਬੰਧਤ ਨੌਜਵਾਨ ਨੂੰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨ ਲਈ ਪੁਨਰਵਸੇਬੇ ਦੇ ਤੌਰ ਤੇ ਸਕਿੱਲ ਟਰੇਨਿੰਗ ਵੀ ਕਰਵਾਈ ਜਾਂਦੀ ਹੈ ਤਾਂ ਜੋ ਉਹ ਮੋਬਾਈਲ ਰਿਪੇਅਰ ਜਾਂ ਪਲੰਬਰ ਜਾਂ ਕੰਪਿਊਟਰ ਜਾਂ ਫਿਟਰ ਵਰਗੇ ਕੋਰਸ ਕਰਕੇ ਆਪਣੇ ਪਰਿਵਾਰ ਲਈ ਕਮਾਊ ਪੁੱਤ ਬਣ ਸਕੇ। ਉਨ੍ਹਾਂ ਸੈਕਟਰ 66 ਦੇ ਨਸ਼ਾ ਮੁਕਤੀ ਕੇਂਦਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇੱਥੇ ਐਨ ਜੀ ਓ ਸਨ ਫਾਊਂਡੇਸ਼ਨ ਅਤੇ ਹੋਰ ਐਨ ਜੀ ਓਜ਼ ਵੱਲੋਂ ਸਕਿੱਲ ਟ੍ਰੇਨਿੰਗ ਵਿੱਚ ਸਹਿਯੋਗ ਦੇ ਕੇ, ਪੁਨਰ ਵਸੇਬੇ ਵਿੱਚ ਇਹਨਾਂ ਨੌਜਵਾਨਾਂ ਦੀ ਮਦਦ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਉਂਦੇ ਸਮੇਂ ਵਿੱਚ, ਜਿਨ੍ਹਾਂ ਨੌਜਵਾਨਾਂ ਨੇ ਨਸ਼ਾ ਛੱਡਣ ਤੋਂ ਬਾਅਦ ਪੁਨਰ ਵਸੇਬੇ ਲਈ ਸਕਿੱਲ ਟਰੇਨਿੰਗ ਹਾਸਿਲ ਕੀਤੀ ਹੈ, ਵਾਸਤੇ ਸਵੈ-ਰੋਜ਼ਗਾਰ ਹਿਤ ਕਰਜ਼ਾ ਯੋਜਨਾਵਾਂ, ਜਿਨ੍ਹਾਂ ਵਿੱਚ ਸੀਡ ਮਨੀ ਅਤੇ ਸਬਸਿਡੀ ਵੀ ਸ਼ਾਮਿਲ ਹੋਵੇਗੀ, ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਹ ਪਰਿਵਾਰ ਲਈ ਜਿੰਮੇਵਾਰ ਬਣ ਸਕਣ। ਉਨ੍ਹਾਂ ਕਿਹਾ ਕਿ ਸਵੈ-ਰੋਜ਼ਗਾਰ ਕੋਰਸਾਂ ਵਿੱਚ ਹਾਈ ਵੈਲਿਊ ਐਗਰੀਕਲਚਰ ਸਿਖਲਾਈ ਕੋਰਸ, ਸੈਲੂਨ, ਕੁਕਿੰਗ, ਕੰਪਿਊਟਰ, ਮੋਬਾਇਲ ਰਿਪੇਅਰ, ਡਾਟਾ ਐਂਟਰੀ ਆਪਰੇਟਰ, ਅਕਾਊਂਟਿੰਗ ਅਤੇ ਫਿਟਰ ਆਦਿ ਦੇ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਨਸ਼ਾ ਛੱਡਣ ਤੋਂ ਬਾਅਦ ਨੌਜਵਾਨ ਦਾ ਮਨ ਆਪਣੇ ਪਰਿਵਾਰ ਲਈ ਰੋਜ਼ੀ ਕਮਾਉਣ ਵਿੱਚ ਲੱਗ ਸਕੇ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਔਰਤਾਂ ਤੇ ਨਬਾਲਗਾਂ ਲਈ ਨਸ਼ਾ ਮੁਕਤੀ ਕੇਂਦਰਾਂ ਚ ਅਲੱਗ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸਮਾਜ ਵਿੱਚ ਕਿਸੇ ਨੂੰ ਵੀ ਨਸ਼ਾ ਮੁਕਤੀ ਦੇ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ।

ਉਨ੍ਹਾਂ ਕਿਹਾ ਕਿ ਕਿਸੇ ਵੇਲੇ ਨਸ਼ਾ ਮੁਕਤੀ ਕੇਂਦਰ ਮੁਹਾਲੀ ਵਿੱਚ ਕੇਵਲ ਪੰਜ ਜਾਂ ਦਸ ਮਰੀਜ਼ ਹੀ ਨਸ਼ਾ ਛੱਡਣ ਲਈ ਭਰਤੀ ਹੁੰਦੇ ਸਨ ਪਰ ਅੱਜ ਜਦੋਂ ਉਹ ਇਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਇੱਥੇ ਪੁੱਜੇ ਹਨ ਤਾਂ ਇਨ੍ਹਾਂ ਦੀ ਗਿਣਤੀ 55 ਹੋ ਚੁੱਕੀ ਹੈ।
ਉਨ੍ਹਾਂ ਨੇ ਰੂਸ ਤੋਂ ਆਪਣਾ ਰੁਜ਼ਗਾਰ ਛੱਡ ਕੇ, ਆਪਣੇ ਬੱਚੇ ਦੇ ਇਲਾਜ ਲਈ ਇੱਥੇ ਆਏ ਇਕ ਵਿਅਕਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਇਹਨਾਂ ਦੇ ਬੱਚਿਆਂ ਨੂੰ ਇਥੇ ਹੀ ਨਸ਼ਾ ਮੁਕਤ ਮਾਹੌਲ ਦੇ ਕੇ ਰੋਜ਼ਗਾਰ ਦਾ ਪ੍ਰਬੰਧ ਕਰ ਦੇਈਏ ਤਾਂ ਉਹ ਵੀ ਆਪਣੇ ਬੱਚਿਆਂ ਦੇ ਨਾਲ ਰੋਜੀ ਕਮਾਉਣ ਵਿੱਚ ਸਹਿਯੋਗੀ ਬਣ ਸਕਦੇ ਹਨ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਇਸ ਮੌਕੇ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਕਰਵਾ ਰਹੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਇਲਾਜ ਸਬੰਧੀ ਫੀਡਬੈਕ ਵੀ ਲਿਆ। ਇਨ੍ਹਾਂ ਮਾਂ-ਬਾਪ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਕੇਂਦਰਾਂ ਵਿੱਚ ਮੁਫਤ ਇਲਾਜ ਦੀ ਸਹੂਲਤ ਨੇ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇਸ ਸਮਾਜਿਕ ਬੁਰਾਈ ਤੋਂ ਦੂਰ ਲਿਜਾਣ ਵਿੱਚ ਵੱਡੀ ਮਦਦ ਕੀਤੀ ਹੈ। ਇਸ ਮੌਕੇ ਨਸ਼ਾ ਮੁਕਤੀ ਲਈ ਦਾਖਲ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਜੇਕਰ ਉਹ ਆਪਣੇ ਪਰਿਵਾਰ ਅਤੇ ਚੰਗੇ ਭਵਿੱਖ ਬਾਰੇ ਨਿਸ਼ਾਨਾ ਰੱਖ ਕੇ ਅੱਗੇ ਵਧਣਗੇ ਤਾਂ ਯਕੀਨਨ ਹੀ ਉਹ ਨਸ਼ਿਆਂ ਦੀ ਹਨੇਰੀ ਚੋਂ ਰੌਸ਼ਨ ਭਵਿੱਖ ਵਿੱਚ ਦਾਖਲਾ ਪਾ ਲੈਣਗੇ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਇਸ ਮੌਕੇ ਪੰਜ ਉਨ੍ਹਾਂ ਨੌਜਵਾਨਾਂ, ਜਿਨ੍ਹਾਂ ਨੇ ਸੈਕਟਰ 66 ਦੇ ਨਸ਼ਾ ਮੁਕਤੀ ਕੇਂਦਰ ਤੋਂ ਇਲਾਜ ਅਤੇ ਮੁੜ ਵਸੇਬਾ ਸਕਿਲ ਟ੍ਰੇਨਿੰਗ ਹਾਸਲ ਕੀਤੀ ਹੈ, ਨੂੰ ਸਨਮਾਨਿਤ ਵੀ ਕੀਤਾ ਅਤੇ ਅਪੀਲ ਕੀਤੀ ਕਿ ਉਹ ਇਸ ਇਲਾਜ ਨੂੰ ਆਪਣੇ ਤੱਕ ਸੀਮਤ ਨਾ ਰੱਖ ਕੇ, ਆਪਣੇ ਆਲੇ ਦੁਆਲੇ ਰਹਿਣ ਵਾਲੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰ ਲੈ ਕੇ ਆਉਣ ਤਾਂ ਜੋ ਸਹੀ ਅਰਥਾਂ ਵਿੱਚ ਸਿਹਤਮੰਦ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।

ਇਸ ਮੌਕੇ ਸਵਰਾਜ ਕੰਪਨੀ ਵੱਲੋਂ ਦਿੱਤੀਆਂ ਗਈਆਂ ਹਾਈਜੀਨ ਕਿੱਟਾਂ ਵੀ ਇਹਨਾਂ ਇਲਾਜ ਅਧੀਨ ਨੌਜਵਾਨਾਂ ਨੂੰ ਵੰਡੀਆਂ ਗਈਆਂ ਤਾਂ ਜੋ ਆਪਣੀ ਸਾਫ ਸਫਾਈ ਤੇ ਉਚੇਚਾ ਧਿਆਨ ਦੇ ਸਕਣ। ਇਸ ਦੇ ਨਾਲ ਹੀ ਇਹਨਾਂ ਨੌਜਵਾਨਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਪ੍ਰੇਰਨਾਦਾਇਕ ਨਾਅਰਿਆਂ ਵਾਲੀਆਂ ਟੀ ਸ਼ਰਟਾਂ ਵੀ ਵੰਡੀਆਂ ਗਈਆਂ ਤਾਂ ਜੋ ਉਹ ਇਹਨਾਂ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਮੁਕਤੀ ਪਾ ਸਕਣ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਓ ਐਸ ਡੀ ਸ਼ਾਲੀਨ ਮਿੱਤਰਾ ਜੋ ਕਿ ਇਸ ਨਸ਼ਾ ਮੁਕਤੀ ਕੇਂਦਰ ਨੂੰ ਸੂਬੇ ਦਾ ਮਾਡਲ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਬਣਾਉਣ ਲਈ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਕੰਮ ਕਰ ਰਹੇ ਹਨ, ਐਸ ਪੀ (ਜਾਂਚ) ਸੌਰਵ ਜਿੰਦਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਅਤੇ ਨਸ਼ਾ ਮੁਕਤੀ ਕੇਂਦਰ ਦੇ ਮਨੋਰੋਗ ਮਾਹਰ ਅਤੇ ਡਾਕਟਰ, ਕੌਂਸਲਰ ਅਤੇ ਹੋਰ ਸਟਾਫ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜ ਕੁੰਦਰਾ ਵੱਲੋਂ ‘ਮੇਹਰ’ ਦੀ ਪਹਿਲੇ ਦਿਨ ਦੀ ਕਮਾਈ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ