- ਡਾਕਟਰਾਂ ਦੀ ਟੀਮ ਕਰ ਰਹੀ ਨਿਗਰਾਨੀ
ਚੰਡੀਗੜ੍ਹ, 6 ਸਤੰਬਰ 2025 – ਸਿਹਤ ਵਿਗੜਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਹਨ। ਇਸ ਵੇਲੇ ਜਾਣਕਰੀ ਮਿਲ ਰਹੀ ਹੈ ਕਿ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨ (5 ਸਤੰਬਰ) ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਥਕਾਵਟ, ਧੜਕਣ ਵਧਣ ਅਤੇ ਸਿਹਤ ਵਿਗੜਨ ਦੀ ਸ਼ਿਕਾਇਤ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੋ ਰਹੀ ਹੈ। ਉਹ ਇਸ ਸਮੇਂ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ। ਮੈਡੀਕਲ ਟੀਮ ਉਨ੍ਹਾਂ ਦੀ ਹਾਲਤ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਫੋਰਟਿਸ ਹਸਪਤਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਹੜ੍ਹਾਂ ਦੇ ਸੰਬੰਧ ਵਿੱਚ ਸੂਬੇ ਭਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੀ ਸਿਹਤ ਪਿਛਲੇ 2 ਦਿਨਾਂ ਤੋਂ ਠੀਕ ਨਹੀਂ ਚੱਲ ਰਹੀ। ਬੁੱਧਵਾਰ ਰਾਤ ਨੂੰ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਵੀਰਵਾਰ ਨੂੰ ਉਨ੍ਹਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਰਦਾਸਪੁਰ ਜਾਣਾ ਸੀ, ਪਰ ਉਹ ਨਹੀਂ ਗਏ। ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਦੀ ਸਿਹਤ ਠੀਕ ਨਹੀਂ ਹੈ, ਉਹ ਡਰਿੱਪ ‘ਤੇ ਹਨ। ਇਸ ਤੋਂ ਬਾਅਦ ਮਾਨ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਅੱਜ ਸ਼ਾਮ ਕੈਬਨਿਟ ਮੀਟਿੰਗ ਬੁਲਾਈ ਸੀ, ਪਰ ਆਖਰੀ ਸਮੇਂ ‘ਤੇ ਇਸਨੂੰ ਮੁਲਤਵੀ ਕਰ ਦਿੱਤਾ ਗਿਆ।
