ਚੰਡੀਗੜ੍ਹ, 6 ਸਤੰਬਰ 2025 – ਪੰਜਾਬ ‘ਚ ਹੜ੍ਹਾਂ ਦਾ ਜਾਇਜ਼ਾ ਲੈਣ ਆਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬਿਆਨ ਦੀ ਆਮ ਆਦਮੀ ਪਾਰਟੀ ਵਲੋਂ ਨਿੰਦਾ ਕੀਤੀ ਗਈ ਹੈ। ਇਸ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੇਂਦਰੀ ਮੰਤਰੀ ਬੀਤੇ ਦਿਨ ਇਹ ਕਹਿ ਕੇ ਗਏ ਕਿ ਪੰਜਾਬ ‘ਚ ਹੜ੍ਹ ਮਾਈਨਿੰਗ ਕਰਕੇ ਆਏ ਹਨ, ਜਦੋਂ ਕਿ ਸੱਚਾਈ ਇਹ ਹੈ ਕਿ ਬਰਸਾਤ ਇਸ ਤਰੀਕੇ ਨਾਲ ਪਈ, ਜੋ ਕਿ ਪੰਜਾਬ ਦੇ ਇਤਿਹਾਸ ‘ਚ ਕਦੇ ਨਹੀਂ ਪਈ ਸੀ ਅਤੇ ਹਿਮਾਚਲ, ਜੰਮੂ ਅਤੇ ਪਾਕਿਸਤਾਨ ਤੋਂ ਪਾਣੀ ਆਉਣ ਕਾਰਨ ਪੰਜਾਬ ਡੁੱਬਿਆ ਹੈ। ਇਸ ਲਈ ਪੰਜਾਬ ‘ਚ ਹੜ੍ਹ ਆਏ ਹਨ ਪਰ ਕੇਂਦਰੀ ਮੰਤਰੀ ਨੇ ਸਤਲੁਜ, ਬਿਆਸ, ਰਾਵੀ ਘੱਗਰ ‘ਚ ਮਾਈਨਿੰਗ ਕਾਰਨ ਹੜ੍ਹ ਆਉਣ ਦੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਰਾਵੀ ਦਰਿਆ ‘ਚ ਕਿਸੇ ਕਿਸਮ ਦੀ ਮਾਈਨਿੰਗ ਦੀ ਮਨਜ਼ੂਰੀ ਨਹੀਂ ਹੈ ਕਿਉਂਕਿ ਉੱਥੇ ਭਾਰਤ-ਪਾਕਿਸਤਾਨ ਦੀ ਸਰਹੱਦ ਹੈ ਅਤੇ ਮਿਲਟਰੀ ਦਾ ਕੰਟਰੋਲ ਹੈ, ਜਿਸ ਕਾਰਨ ਇੱਥੇ ਕਿਸੇ ਤਰ੍ਹਾਂ ਦੀ ਮਾਈਨਿੰਗ ਨਹੀਂ ਹੋਈ। ਇਸੇ ਤਰ੍ਹਾਂ ਬਿਆਸ ਦਰਿਆ ਰਿਜ਼ਰਵ ਹੈ। ਮੰਤਰੀ ਗੋਇਲ ਨੇ ਕਿਹਾ ਕਿ ਚੰਡੀਗੜ੍ਹ ਦੀ ਸੁਖ਼ਨਾ ਝੀਲ ‘ਚੋਂ ਜਿਹੜਾ ਪਾਣੀ ਛੱਡਿਆ ਜਾਂਦਾ ਹੈ, ਉਹ ਘੱਗਰ ‘ਚ ਜਾਂਦਾ ਹੈ ਤਾਂ ਕਰਕੇ ਘੱਗਰ ਦਾ ਪਾਣੀ ਜ਼ਿਆਦਾ ਹੈ।
ਮੰਤਰੀ ਗੋਇਲ ਨੇ ਕਿਹਾ ਕਿ ਇਸ ਸਮੇਂ ਦੌਰਾਨ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਕੇਂਦਰ ਨੂੰ ਪੰਜਾਬ ਸਰਕਾਰ ਦਾ 60 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਰਿਲੀਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੜ੍ਹਾਂ ਕਾਰਨ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਨੀ ਚਾਹੀਦੀ ਹੈ। ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਦਾ ਬਰਸਾਤਾਂ ਕਾਰਨ ਬਹੁਤ ਨੁਕਸਾਨ ਹੋ ਗਿਆ ਹੈ ਪਰ ਹੁਣ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਰਾਹਤ ਕਾਰਜ ਪੂਰੀ ਤਰ੍ਹਾਂ ਜਾਰੀ ਹੈ। ਇਸ ਦੇ ਲਈ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ।

